- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਸਮ ਦੀ ਬੇਰੁਖੀ: ਨਹਿਰੀ ਪਾਣੀ ਤੇ ਟਿਊਬਵੈੱਲਾਂ ਸਹਾਰੇ ਕਿਸਾਨ ਕਰ ਰਹੇ ਸਿੰਚਾਈ

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਅਗਸਤ ਮਹੀਨੇ ਦਾ ਪਹਿਲਾ ਹਫ਼ਤਾ ਲੰਘ ਜਾਣ ਦੇ ਬਾਵਜੂਦ ਸੰਗਰੂਰ ਚੰਗੀ ਬਾਰਿਸ਼ ਤੋ ਵਾਂਝਾ ਹੈ। ਲੋਕ ਤੇਜ਼ ਗਰਮੀ ਅਤੇ ਹੁੰਮਸ ਤੋਂ ਪ੍ਰੇਸ਼ਾਨ ਹਨ। ਪਿਛਲੇ ਪੰਦਰਾਂ ਦਿਨਾਂ ਤੋਂ ਆਸਮਾਨ ਵਿੱਚ ਬੱਦਲ ਛਾ ਕੇ ਬਿਨਾਂ ਵਰ੍ਹੇ ਹੀ ਅੱਗੇ ਲੰਘ ਜਾਂਦੇ ਹਨ। ਜਦਕਿ ਨੇੜਲੇ ਇਲਾਕਿਆਂ ਭਵਾਨੀਗੜ੍ਹ, ਧੂਰੀ, ਮਾਲੇਰਕੋਟਲਾ, ਬਰਨਾਲਾ ਆਦਿ ਵਿੱਚ ਕਈ ਵਾਰ ਬਾਰਿਸ਼ ਹੋ ਚੁੱਕੀ ਹੈ। ਅਜਿਹੇ ਵਿੱਚ ਇਲਾਕੇ ਦੇ ਕਿਸਾਨ ਨਹਿਰੀ ਪਾਣੀ ਅਤੇ ਟਿਊਬਵੈੱਲਾਂ ਸਹਾਰੇ ਝੋਨੇ ਦੀ ਸਿੰਚਾਈ ਕਰ ਰਹੇ ਹਨ। ਹਾਲਾਂਕਿ, ਸੋਮਵਾਰ ਨੂੰ ਵੀ ਸਵੇਰੇ ਅਸਮਾਨ ’ਤੇ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਸ਼ਹਿਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਦੀਆਂ ਬੂੰਦਾਂ ਪਈਆਂ, ਪਰ ਸ਼ਹਿਰ ਦਾ ਵਿਚਕਾਰਲਾ ਇਲਾਕਾ ਬਿਲਕੁਲ ਸੁੱਕਾ ਰਿਹਾ। ਉੱਥੇ ਹੀ ਸ਼ਹਿਰ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਪਿੰਡ ਬਡਰੁੱਖਾਂ, ਕੁੰਨਰਾਂ, ਮਹਿਲਾਂ, ਉਭਾਵਾਲ, ਕਾਂਝਲਾ ਅਤੇ ਮਸਤੂਆਣਾ ਸਾਹਿਬ ਵਿੱਚ ਚੰਗੀ ਬਾਰਿਸ਼ ਹੋਈ। ਕਰੀਬ ਅੱਧੇ ਘੰਟੇ ਤੱਕ ਮੀਂਹ ਪੈਂਦਾ ਰਿਹਾ। ਇਸ ਨਾਲ ਲੋਕਾਂ ਨੂੰ ਰਾਹਤ ਮਿਲਣ ਦੇ ਨਾਲ-ਨਾਲ ਝੋਨੇ ਅਤੇ ਹੋਰ ਫ਼ਸਲਾਂ ਨੂੰ ਵੀ ਭਾਰੀ ਹੁੰਮਸ ਤੋਂ ਰਾਹਤ ਮਿਲੀ। ਇਸ ਤੋਂ ਬਾਅਦ ਮੁੜ ਉਹੀ ਹੁੰਮਸ ਵਾਲਾ ਮੌਸਮ ਸ਼ੁਰੂ ਹੋ ਗਿਆ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਇੱਕ ਹਫ਼ਤੇ ਤੱਕ ਮੌਸਮ ਇਸੇ ਤਰ੍ਹਾਂ ਰਹੇਗਾ। ਕਿਤੇ ਨਾ ਕਿਤੇ ਬੱਦਲ ਵਰ੍ਹਦੇ ਰਹਿਣਗੇ। ਬੁੱਧਵਾਰ ਨੂੰ ਦੁਪਹਿਰ ਤੱਕ ਤਿੱਖੀ ਧੁੱਪ ਖਿੜੀ ਰਹੀ, ਪਰ ਕਈ ਥਾਵਾਂ ’ਤੇ ਬੱਦਲ ਵੀ ਛਾਏ ਰਹੇ। ਦੂਜੇ ਪਾਸੇ, ਕਿਸਾਨ ਆਸਮਾਨ ਵਿੱਚ ਛਾਏ ਬੱਦਲਾਂ ਅਤੇ ਠੰਢੇ ਮੌਸਮ ਨੂੰ ਝੋਨੇ ਲਈ ਲਾਭਦਾਇਕ ਦੱਸ ਰਹੇ ਹਨ। ਸੰਗਰੂਰ ਦੇ ਕਿਸਾਨ ਹਾਕਮ ਸਿੰਘ, ਸਤਨਾਮ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਖੇਤਾਂ ਨੂੰ ਨਹਿਰੀ ਪਾਣੀ ਅਤੇ ਬਿਜਲੀ ਦੀ ਸਪਲਾਈ ਲੋੜੀਂਦੀ ਮਾਤਰਾ ਵਿੱਚ ਮਿਲ ਰਹੀ ਹੈ। ਯੂਰੀਆ ਖਾਦ ਪਾਉਣ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ। ਪਰ ਲੋੜੀਂਦੀ ਬਾਰਿਸ਼ ਨਹੀਂ ਹੋਈ। ਅਜਿਹੇ ਵਿੱਚ ਟਿਊਬਵੈੱਲਾਂ ਅਤੇ ਨਹਿਰੀ ਪਾਣੀ ਨਾਲ ਹੀ ਖੇਤਾਂ ਦੀ ਸਿੰਚਾਈ ਕੀਤੀ ਜਾ ਰਹੀ ਹੈ।