ਪ੍ਰਸ਼ਾਸਨ ਦੀ ਲਾਪਰਵਾਹੀ : ਟੋਇਆਂ ਨਾਲ ਭਰੀ ਸੜਕ ਨੇ ਪਲਟਿਆ ਆਟੋ, ਮਾਸੂਮ ਬੱਚੇ ਤੇ ਬਜ਼ੁਰਗ ਜ਼ਖ਼ਮੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਲੀ ਮੁੱਖ ਸੜਕ ਲੰਬੇ ਸਮੇਂ ਤੋਂ ਪ੍ਰਸ਼ਾਸਨਿਕ ਅਣਦੇਖੀ ਦਾ ਸ਼ਿਕਾਰ ਹੋ ਕੇ ਆਮ ਰਾਹਗੀਰਾਂ ਤੇ ਵਿਦਿਆਰਥੀਆਂ ਲਈ ਜਾਨ ਦਾ ਖ਼ੌਅ ਬਣੀ ਹੋਈ ਹੈ। ਸੜਕ ਦੀ ਖਸਤਾ ਹਾਲਤ ਅਤੇ ਥਾਂ-ਥਾਂ ਪਏ ਡੂੰਘੇ ਟੋਇਆਂ ਕਾਰਨ ਇੱਥੇ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਮੰਗਲਵਾਰ ਦੁਪਹਿਰ ਨੂੰ ਇੱਕ ਵਾਰ ਫਿਰ ਇੱਥੇ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਸਵਾਰੀਆਂ ਨਾਲ ਭਰਿਆ ਇੱਕ ਆਟੋ ਰਿਕਸ਼ਾ ਸੰਤੁਲਨ ਵਿਗੜਨ ਕਾਰਨ ਸੜਕ ਵਿਚਕਾਰ ਹੀ ਪਲਟ ਗਿਆ।
Publish Date: Wed, 19 Aug 2026 12:09 PM (IST)
Updated Date: Wed, 19 Aug 2026 12:10 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਵਾਲੀ ਮੁੱਖ ਸੜਕ ਲੰਬੇ ਸਮੇਂ ਤੋਂ ਪ੍ਰਸ਼ਾਸਨਿਕ ਅਣਦੇਖੀ ਦਾ ਸ਼ਿਕਾਰ ਹੋ ਕੇ ਆਮ ਰਾਹਗੀਰਾਂ ਤੇ ਵਿਦਿਆਰਥੀਆਂ ਲਈ ਜਾਨ ਦਾ ਖ਼ੌਅ ਬਣੀ ਹੋਈ ਹੈ। ਸੜਕ ਦੀ ਖਸਤਾ ਹਾਲਤ ਅਤੇ ਥਾਂ-ਥਾਂ ਪਏ ਡੂੰਘੇ ਟੋਇਆਂ ਕਾਰਨ ਇੱਥੇ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਮੰਗਲਵਾਰ ਦੁਪਹਿਰ ਨੂੰ ਇੱਕ ਵਾਰ ਫਿਰ ਇੱਥੇ ਇੱਕ ਵੱਡਾ ਹਾਦਸਾ ਵਾਪਰਿਆ, ਜਦੋਂ ਸਵਾਰੀਆਂ ਨਾਲ ਭਰਿਆ ਇੱਕ ਆਟੋ ਰਿਕਸ਼ਾ ਸੰਤੁਲਨ ਵਿਗੜਨ ਕਾਰਨ ਸੜਕ ਵਿਚਕਾਰ ਹੀ ਪਲਟ ਗਿਆ।
ਮੰਗਲਵਾਰ ਦੁਪਹਿਰ ਵੇਲੇ ਵਾਪਰੇ ਇਸ ਹਾਦਸੇ ਵਿੱਚ ਆਟੋ ਵਿੱਚ ਬੈਠੀਆਂ ਸਵਾਰੀਆਂ, ਜਿਨ੍ਹਾਂ ਵਿੱਚ ਬਜ਼ੁਰਗ, ਬੱਚੇ ਅਤੇ ਨੌਜਵਾਨ ਸ਼ਾਮਲ ਸਨ, ਆਟੋ ਦੇ ਹੇਠਾਂ ਦੱਬ ਗਈਆਂ। ਘਟਨਾ ਮੌਕੇ ਚਾਰੇ ਪਾਸੇ ਚੀਕ-ਚਿਹਾੜਾ ਪੈ ਗਿਆ। ਆਸ-ਪਾਸ ਮੌਜੂਦ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਭਾਰੀ ਮੁਸ਼ੱਕਤ ਨਾਲ ਆਟੋ ਨੂੰ ਸਿੱਧਾ ਕੀਤਾ ਅਤੇ ਹੇਠਾਂ ਦੱਬੀਆਂ ਸਵਾਰੀਆਂ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿਚ ਇੱਕ ਬਜ਼ੁਰਗ ਦੇ ਹੱਥਾਂ ਤੇ ਸਰੀਰ ਦੇ ਹੋਰ ਹਿੱਸਿਆਂ ਵਿੱਚੋਂ ਗੰਭੀਰ ਖੂਨ ਵਹਿਣ ਲੱਗ ਪਿਆ, ਜਦਕਿ ਇੱਕ ਲੜਕੀ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ। ਬਾਕੀ ਸਵਾਰੀਆਂ ਅਤੇ ਬੱਚਿਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਰਾਹਗੀਰਾਂ ਵੱਲੋਂ ਜ਼ਖ਼ਮੀਆਂ ਨੂੰ ਤੁਰੰਤ ਮੁੱਢਲੀ ਸਹਾਇਤਾ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਮੌਕੇ ’ਤੇ ਇਕੱਠੇ ਹੋਏ ਇਲਾਕਾ ਨਿਵਾਸੀਆਂ ਅਤੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਸੜਕ ਦੀ ਹਾਲਤ ਪਿਛਲੇ ਕਈ ਸਾਲਾਂ ਤੋਂ ਬੇਹੱਦ ਤਰਸਯੋਗ ਬਣੀ ਹੋਈ ਹੈ।
ਸੜਕ ਵਿਚਾਲੇ ਪਏ ਵੱਡੇ-ਵੱਡੇ ਟੋਏ ਕਿਸੇ ਵੱਡੇ ਖੱਡੇ ਤੋਂ ਘੱਟ ਨਹੀਂ ਹਨ। ਮੀਂਹ ਦੇ ਦਿਨਾਂ ਵਿੱਚ ਸੜਕ ਉੱਤੇ ਪਾਣੀ ਭਰ ਜਾਣ ਕਾਰਨ ਇਹ ਟੋਏ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਦੋਪਹੀਆ ਅਤੇ ਤਿੰਨਪਹੀਆ ਵਾਹਨ ਚਾਲਕ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਹੋਣ ਕਾਰਨ ਇੱਥੇ ਹਰ ਰੋਜ਼ ਹਜ਼ਾਰਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ। ਹੁਣ ਤੱਕ ਅਨੇਕਾਂ ਲੋਕ ਇਨ੍ਹਾਂ ਟੋਇਆਂ ਕਾਰਨ ਆਪਣੀਆਂ ਲੱਤਾਂ-ਬਾਹਾਂ ਤੁੜਵਾ ਚੁੱਕੇ ਹਨ, ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸੜਕ ਦੀ ਤੁਰੰਤ ਮੁਰੰਮਤ ਨਾ ਕਰਵਾਈ ਗਈ ਤਾਂ ਉਹ ਸੰਘਰਸ਼ ਤੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।