ਬੈਦਵਾਨ ਦੀ ਅਗਵਾਈ ’ਚ ਆੜ੍ਹਤੀਆਂ ਦਾ ਵਫ਼ਦ ਡੀਸੀ ਨੂੰ ਮਿਲਿਆ ਬੈਦਵਾਨ ਦੀ ਅਗਵਾਈ ’ਚ’ ਆੜਤੀਆਂ ਦਾ ਵਫ਼ਦ ਡੀ.ਸੀ ਨੂੰ ਮਿਲਿਆ
Publish Date: Wed, 23 Sep 2026 04:34 PM (IST)
Updated Date: Wed, 23 Sep 2026 04:36 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਰਾਜਪੁਰਾ : ਆਉਣ ਵਾਲੇ ਝੋਨੇ ਦੇ ਖਰੀਦ ਸੀਜ਼ਨ ਨੂੰ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਇਕ ਉੱਚ ਪੱਧਰੀ ਵਫ਼ਦ ਵੱਲੋਂ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਹੇਠ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ’ਚ ਸਮੂਹ ਖਰੀਦ ਏਜੰਸੀਆਂ ਜਿਵੇਂ ਪਨਗ੍ਰੇਨ, ਮਾਰਕਫੈੱਡ,ਐੱਫ.ਸੀ.ਆਈ ਦੇ ਜ਼ਿਲ੍ਹਾ ਮੈਨੇਜਰ ਤੇ ਜ਼ਿਲ੍ਹਾ ਮੰਡੀ ਬੋਰਡ ਦੇ ਉੱਚ ਅਧਿਕਾਰੀ ਵੀ ਮੌਕੇ ਤੇ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਇਕ ਵਿਸਥਾਰਪੂਰਵਕ ਮੰਗ ਪੱਤਰ ਸੌਂਪ ਕੇ ਮੰਡੀਆਂ ਵਿਚ ਆਉਣ ਵਾਲੀਆਂ ਸਮੱਸਿਆਵਾਂ ਵੱਲ ਧਿਆਨ ਦਿਵਾਇਆ ਗਿਆ। ਮੀਟਿੰਗ ਦੌਰਾਨ ਮੁੱਖ ਤੌਰ ਤੇ ਮੰਡੀਆਂ ਤੇ ਸ਼ੈਲਰਾਂ ਵਿਚ ਪਈ ਪਿਛਲੇ ਸੀਜ਼ਨ ਦੀ ਕਣਕ ਦੀ ਤੁਰੰਤ ਲਿਫਟਿੰਗ ਕਰਵਾਉਣ ਦੀ ਮੰਗ ਰੱਖੀ ਗਈ ਤਾਂ ਜੋ ਨਵੇਂ ਝੋਨੇ ਨੂੰ ਉਤਾਰਨ ਲਈ ਜਗ੍ਹਾ ਖਾਲੀ ਹੋ ਸਕੇ। ਇਸ ਤੋਂ ਇਲਾਵਾ 1 ਅਕਤੂਬਰ ਤੋਂ ਸਰਕਾਰੀ ਖਰੀਦ ਨਿਯਮਿਤ ਸ਼ੁਰੂ ਕਰਨ, ਬਿੱਲਾਂ ਦੀ ਮਿਤੀ ਮੁਤਾਬਕ ਨਿਰਪੱਖ ਲਿਫਟਿੰਗ ਯਕੀਨੀ ਬਣਾਉਣ, ਮੰਡੀਆਂ ਦੇ ਮੁੱਖ ਗੇਟ ਤੇ ਹੀ ਨਮੀ ਮੀਟਰ ਨਾਲ ਜਾਂਚ ਕਰਨ ਅਤੇ ਖੇਤਾਂ ਵਿਚ ਕੰਬਾਈਨ ਚਲਾਉਣ ਦਾ ਸਮਾਂ ਸਖ਼ਤੀ ਨਾਲ ਲਾਗੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਨਾਲ ਹੀ ਸਰਕਾਰੀ ਬੋਲੀ ਰਾਹੀਂ ਫ਼ਸਲ ਵੇਚਣ, ਬਾਹਰਲੇ ਤੇ ਪ੍ਰਾਈਵੇਟ ਫੜਾਂ ਦੀ ਜਲਦ ਅਲਾਟਮੈਂਟ, ਮੰਡੀਆਂ ਵਿਚ ਚੋਰੀ ਰੋਕਣ ਲਈ ਪੁਲਿਸ ਗਸ਼ਤ ਤੇ ਚੌਕੀਦਾਰਾਂ ਦਾ ਪ੍ਰਬੰਧ ਕਰਨ, ਸੀਵਰੇਜ ਦੀ ਸਫ਼ਾਈ, ਕੂੜੇ ਦੀ ਰੋਜ਼ਾਨਾ ਨਿਕਾਸੀ ਅਤੇ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਵਰਗੇ ਜ਼ਰੂਰੀ ਮੁੱਦੇ ਵੀ ਜ਼ੋਰਦਾਰ ਢੰਗ ਨਾਲ ਚੁੱਕੇ ਗਏ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਆੜ੍ਹਤੀ ਆਗੂਆਂ ਵੱਲੋਂ ਰੱਖੇ ਗਏ ਸਾਰੇ ਮਸਲਿਆਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਮੌਕੇ ਤੇ ਮੌਜੂਦ ਖਰੀਦ ਏਜੰਸੀਆਂ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਪੂਰਨ ਭਰੋਸਾ ਦਿੱਤਾ ਕਿ ਇਸ ਖਰੀਦ ਸੀਜ਼ਨ ਨੂੰ ਬਹੁਤ ਹੀ ਵਧੀਆ ਅਤੇ ਸੁਚੱਜੇ ਢੰਗ ਨਾਲ ਚਲਾਇਆ ਜਾਵੇਗਾ। ਇਸ ਮੌਕੇ ਚੇਅਰਮੈਨ ਪਵਨ ਕੁਮਾਰ ਸਿੰਗਲਾ (ਸਨੌਰ ਮੰਡੀ), ਜਨਰਲ ਸਕੱਤਰ ਦੀਪਕ ਬਾਂਸਲ (ਡਕਾਲਾ ਮੰਡੀ),ਕੈਸ਼ੀਅਰ ਮਹੇਸ਼ ਪਾਹੂਜਾ (ਰਾਜਪੁਰਾ ਮੰਡੀ), ਗੌਰਵ ਥਮਣ, ਕਰਮਜੀਤ ਸਿੰਘ ਅਲਹੌਰਾ, ਨਰਿੰਦਰ ਗਰਗ, ਪ੍ਰਿਥੀਪਾਲ ਸਿੰਘ, ਕਰਮਜੀਤ ਪ੍ਰਧਾਨ ਬਲਬੇੜਾ ਮੰਡੀ, ਸਤਵਿੰਦਰ ਸੈਣੀ (ਪ੍ਰਧਾਨ, ਪਟਿਆਲਾ ਮੰਡੀ), ਸੰਜੀਵ ਗੋਇਲ, ਰਮੇਸ਼ ਵਧਵਾ ਤੇ ਵਿਜੇ ਕੱਕੜ ਸਮੇਤ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਮੰਡੀਆਂ ਦੇ ਹੋਰ ਪ੍ਰਮੁੱਖ ਨੁਮਾਇੰਦੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।