ਏਡੀਸੀ ਵੱਲੋਂ ਵੱਖ-ਵੱਖ ਪਾਬੰਦੀ ਦੇ ਹੁਕਮ ਜਾਰੀ ਵਧੀਕ ਜਿਲ੍ਹਾ ਮੈਜਿਸਟ੍ਰੇਟ ਵੱਲੋਂ ਜਿਲ੍ਹੇ ’ਚ ਵੱਖ ਵੱਖ ਪਾਬੰਦੀ ਦੇ ਹੁਕਮ ਜਾਰੀ
Publish Date: Wed, 15 Jul 2026 04:21 PM (IST)
Updated Date: Wed, 15 Jul 2026 04:22 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਏਡੀਸੀ ਅਨੂਪ੍ਰਿਤਾ ਜੌਹਲ ਨੇ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਵੱਖ-ਵੱਖ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 9 ਜੁਲਾਈ ਤੋਂ 8 ਸਤੰਬਰ ਤਕ ਲਾਗੂ ਰਹਿਣਗੇ। --ਅਣਅਧਿਕਾਰਤ ਥਾਵਾਂ ’ਤੇ ਮੁਰਦਾ ਪਸ਼ੂ ਸੁੱਟਣ ’ਤੇ ਪਾਬੰਦੀ ਏਡੀਸੀ ਅਨੂਪ੍ਰਿਤਾ ਜੌਹਲ ਨੇ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਨਗਰ ਨਿਗਮ/ਨਗਰ ਕੌਂਸਲਾਂ/ਨਗਰ ਪੰਚਾਇਤਾਂ/ਪੰਚਾਇਤਾਂ ਵੱਲੋਂ ਹੱਡਾ ਰੋੜੀ ਲਈ ਨਿਰਧਾਰਤ ਕੀਤੇ ਸਥਾਨ ਤੋਂ ਇਲਾਵਾ ਅਣ-ਅਧਿਕਾਰਤ ਸਥਾਨਾਂ ’ਤੇ ਮੁਰਦਾ ਪਸ਼ੂ/ਜਾਨਵਰ ਨੂੰ ਸੁੱਟਣ ’ਤੇ ਪੂਰਨ ਤੌਰ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਮੁਰਦਾ ਪਸ਼ੂ ਨੂੰ ਸਰਕਾਰ ਵੱਲੋਂ ਨਿਰਧਾਰਤ ਸਥਾਨ (ਹੱਡਾ ਰੋੜੀ) ਤੇ ਹੀ ਸੁੱਟਿਆ ਜਾਵੇ। -ਭਾਰੀ ਵਾਹਨਾਂ ਤੇ ਪਾਬੰਦੀ ਸਬੰਧੀ ਹੁਕਮ ਜਾਰੀ ਏਡੀਸੀ ਅਨੂਪ੍ਰਿਤਾ ਜੌਹਲ ਨੇ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਮਾਣਾ-ਪਟਿਆਲਾ ਸੜਕ (ਐੱਸਐੱਚ-10) ਪਸਿਆਣਾ ਚੌਕੀ ਤੱਕ, ਸਮਾਣਾ-ਪਾਤੜਾਂ ਰੋਡ ਪਿੰਡ ਕਕਰਾਲਾ ਤੱਕ, ਸਮਾਣਾ-ਭਵਾਨੀਗੜ ਰੋਡ ਪਿੰਡ ਫਤਹਿਗੜ੍ਹ ਛੰਨਾਂ ਤੱਕ ਅਤੇ ਸਮਾਣਾ-ਚੀਕਾ ਰੋਡ ਸੇਂਟ ਲਾਰੇਂਸ ਸਕੂਲ ਤੱਕ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰੀ ਵਾਹਨਾਂ (ਟਿੱਪਰ, ਟਰੱਕ ਆਦਿ) ਦੇ ਅੰਦਰ ਆਉਣ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। -ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਤੇ ਵੀ ਲਗਾਈ ਪਾਬੰਦੀ ਏਡੀਸੀ ਨੇ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ਇਹ ਪਾਬੰਦੀ ਸੋਸ਼ਲ ਮੀਡੀਆ ਤੇ ਵੀ ਲਾਗੂ ਰਹੇਗੀ। ਇਸ ਤੋਂ ਇਲਾਵਾ ਵਿਆਹ ਸ਼ਾਦੀਆਂ/ਸਮਾਗਮਾਂ ਹੋਰ ਸਮਾਰੋਹਾਂ ’ਚ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ’ਚ ਵੀ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ਤੇ ਪੂਰਨ ਪਾਬੰਦੀ ਰਹੇਗੀ ਅਤੇ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ ਉਤੇ ਵੀ ਪਾਬੰਦੀ ਲਾਗੂ ਹੋਵੇਗੀ।