- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਣਾ ’ਚ ਮੁੜ ਟਿੱਪਰ ਤੇ ਸਕੂਲੀ ਬੱਸ ਦੀ ਟੱਕਰ, 2 ਬੱਚੀਆਂ ਸਣੇ 4 ਜਖ਼ਮੀ

ਭਾਰਤ ਭੂਸ਼ਣ ਗੋਇਲ, •ਪੰਜਾਬੀ ਜਾਗਰਣ,• ਸਮਾਣਾ : ਸਮਾਣਾ ਪਟਿਆਲਾ ਰੋਡ ’ਤੇ ਪਿੰਡ ਫ਼ਹਿਤਪੁਰ ਨੇੜੇ ਬੁੱਧਵਾਰ ਨੂੰ ਕਰੀਬ 3 ਵਜੇ ਪ੍ਰੀਮੀਅਰ ਪਬਲਿਕ ਸਕੂਲ ਸਮਾਣਾ ਦੀ ਬੱਚਿਆਂ ਨਾਲ ਭਰੀ ਬੱਸ ਮਿੱਟੀ ਦੇ ਭਰੇ ਤੇਜ਼ ਰਫ਼ਤਾਰ ਟਿੱਪਰ ਨਾਲ ਟਕਰਾਅ ਕੇ ਦਰਖ਼ਤ ’ਚ ਜਾ ਵੱਜੀ। ਇਸ ਹਾਦਸੇ ਦੌਰਾਨ ਸਕੂਲ ਬੱਸ ਦਾ ਡਰਾਈਵਰ, ਇਕ 12 ਜਮਾਤ ਦੀ ਲੜਕੀ ਤੇ ਇਕ ਹੋਰ ਛੋਟੀ ਬੱਚੀ ਜ਼ਖ਼ਮੀ ਹੋ ਗਏ ਜਦਕਿ ਕੁੱਝ ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ। ਇਹ ਹਾਦਸਾ ਤੇਜ਼ ਰਫ਼ਤਾਰ ਟਿੱਪਰ ਵੱਲੋਂ ਲਿੰਕ ਰੋਡ ਤੋਂ ਬਿਨ੍ਹਾਂ ਦੋਵੇਂ ਪਾਸੇ ਦੇਖੇ ਮੇਨ ਰੋਡ ’ਤੇ ਟਿੱਪਰ ਚੜਾਉਣ ਕਾਰਨ ਵਾਪਰਿਆਂ। ਇਸ ਹਾਦਸੇ ਦਾ ਸ਼ਿਕਾਰ ਇਕ ਜੀਪ ਚਾਲਕ ਵੀ ਹੋਇਆ, ਜਿਸ ਦੇ ਵੀ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਟਿੱਪਰ ਚਾਲਕ ਮੌਕੇ ਤੋਂ ਟਿੱਪਰ ਲੈ ਕੇ ਫਰਾਰ ਹੋ ਗਿਆ। ਇਹ ਹਾਦਸਾ ਜਿੱਥੇ ਵਾਪਰਿਆਂ ਹੈ ਉੱਥੇ ਹੀ ਕੁੱਝ ਮਹੀਨੇ ਪਹਿਲਾ ਵੀ ਟਿੱਪਰ ਨੇ 7 ਮਾਸੂਮ ਬੱਚਿਆਂ ਅਤੇ ਕਾਰ ਚਾਲਕ ਦੀ ਜਾਨ ਲਈ ਸੀ। ਇੱਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਡੀਸੀ ਪਟਿਆਲਾ ਵੱਲੋਂ ਸਕੂਲ ਸਮੇਂ ਦੌਰਾਨ ਟਿੱਪਰਾਂ ਦੇ ਚੱਲਣ ਦੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੋਈ ਹੈ, ਇਸ ਦੇ ਬਾਵਜੂਦ ਖੁੱਲ੍ਹੇਆਮ ਚੱਲ ਰਹੇ ਇਹ ਖੂਨੀ ਟਿੱਪਰ ਜਿੱਥੇ ਸਥਾਨਕ ਪ੍ਰਸ਼ਾਸਨ ਦੀ ਕਾਰਗੁਜਾਰੀ ਤੇ ਸਵਾਲ ਖੜ੍ਹੇ ਕਰਦੇ ਹਨ ਉੱਥੇ ਹੀ ਸਥਾਨਕ ਸੱਤਾਧਾਰੀ ਆਗੂਆਂ ਜਿਨ੍ਹਾਂ ਦੀ ਸ਼ਹਿ ’ਤੇ ਪਿਛਲੇ ਕੁੱਝ ਸਮੇਂ ਦੌਰਾਨ ਇਹ ਟਿੱਪਰਾਂ ਦੀ ਸਮਾਣਾ ਇਲਾਕੇ ਵਿਚ ਹੜ੍ਹ ਜਿਹਾ ਆ ਗਿਆ ਹੈ, ਸਵਾਲ ਖੜ੍ਹੇ ਕਰਦਾ ਹੈ। ਕਰੀਬ 3 ਵਜੇ ਵਾਪਰੇ ਇਸ ਹਾਦਸੇ ਨੇ ਇਕ ਵਾਰ ਫਿ਼ਰ ਤੋਂ ਪਿਛਲੇ ਸਮੇਂ ਦੌਰਾਨ ਵਾਪਰੇ ਉਸ ਹਾਦਸੇ ਦੇ ਜ਼ਖ਼ਮ ਤਾਜ਼ਾ ਕਰ ਦਿੱਤੇ, ਜਿਸ ਵਿਚ 7 ਮਾਸੂਮ ਬੱਚਿਆਂ ਸਣੇ ਗੱਡੀ ਦੇ ਡਰਾਈਵਰ ਦੀ ਜਾਨ ਲੈ ਲਈ ਸੀ। ਅੱਜ ਡਰਾਈਵਰ ਵੱਲੋਂ ਬੱਸ ਨੂੰ ਕੱਚੇ ਵਿਚ ਉਤਾਰਨ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ। ਜ਼ਖਮੀਆਂ ਦਾ ਹਾਲ ਚਾਲ ਪੁੱਛਣ ਲਈ ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਊ ਵੀ ਹਸਪਤਾਲ ’ਚ ਪੁਹੰਚੇ। ਇਸ ਬਾਰੇ ਸਿਟੀ ਪੁਲਿਸ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਟਿੱਪਰ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਉਨ੍ਹਾਂ ਕੋਲ ਪਾਬੰਦੀ ਦੇ ਬਾਜਵੂਦ ਸਕੂਲ ਸਮੇਂ ਦੌਰਾਨ ਚਲ ਰਹੇ ਇਨ੍ਹਾਂ ਟਿੱਪਰਾਂ ਬਾਰੇ ਕੋਈ ਜਵਾਬ ਨਹੀਂ ਸੀ।