ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ ਬਾਈਕ ਸਵਾਰ ਉੱਛਲ ਕੇ ਡਿੱਗਿਆ ਗਰਿੱਲ 'ਤੇ, ਗਰਦਨ 'ਚ ਧੱਸੀ ਲੋਹੇ ਦੀ ਰਾਡ, ਮੌਤ
Publish Date: Sun, 04 Oct 2026 06:38 PM (IST)
Updated Date: Sun, 04 Oct 2026 06:41 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਰਾਜਪੁਰਾ ਰੋਡ ’ਤੇ ਥਾਣਾ ਅਰਬਨ ਅਸਟੇਟ ਦੇ ਅਧੀਨ ਆਉਂਦੇ ਚੌਰਾ ਮੋੜ ’ਤੇ ਬੀਤੀ ਰਾਤ ਬਾਈਕ ਸਵਾਰ ਦੋ ਵਿਅਕਤੀਆਂ ਨੂੰ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਦੌਰਾਨ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਿੰਦਰ ਕੁਮਾਰ (40) ਵਾਸੀ ਐੱਸਐੱਸਟੀ ਨਗਰ ਵਜੋਂ ਹੋਈ ਹੈ ਜਦਕਿ ਬਾਈਕ ਚਾਲਕ ਸ਼ੁਭਮ ਵੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਨੌਜਵਾਨ ਉੱਛਲ ਕੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ’ਤੇ ਲੱਗੀ ਲੋਹੇ ਦੀ ਗਰਿੱਲ ’ਤੇ ਜਾ ਡਿੱਗਿਆ। ਇਸ ਦੌਰਾਨ ਗਰਿੱਲ ਦੀ ਇਕ ਨੁਕੀਲੀ ਲੋਹੇ ਦੀ ਰਾਡ ਸਿੱਧੀ ਨੌਜਵਾਨ ਦੀ ਗਰਦਨ ਚ ਧੱਸ ਗਈ ਅਤੇ ਮੂੰਹ ਰਾਹੀਂ ਬਾਹਰ ਨਿਕਲ ਗਈ, ਜਿਸ ਨਾਲ ਉਕਤ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਵੇਂ ਵਿਅਕਤੀ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦੇ ਸਨ ਤੇ 3 ਅਕਤੂਬਰ ਦੀ ਰਾਤ ਨੂੰ ਉਹ ਕਿਸੇ ਕੰਮ ਸਬੰਧੀ ਰਾਜਪੁਰਾ ਤੋਂ ਪਟਿਆਲਾ ਸਥਿਤ ਆਪਣੇ ਘਰ ਵੱਲ ਆ ਰਹੇ ਸਨ ਕਿ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ। ਮ੍ਰਿਤਕ ਰਾਜਿੰਦਰ ਕੁਮਾਰ ਦੇ ਪਰਿਵਾਰ ਵਿੱਚ ਚਾਰ ਧੀਆਂ ਅਤੇ ਇਕ ਪੁੱਤਰ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ। ਹਾਦਸੇ ਤੋਂ ਬਾਅਦ ਲੋਕ ਤੁਰੰਤ ਇਕੱਠੇ ਹੋ ਗਏ। ਮੰਜ਼ਰ ਤੇ ਹਾਲਾਤ ਇੰਨੇ ਭਿਆਨਕ ਸਨ ਕਿ ਲੋਕ ਚਾਹੁੰਦੇ ਹੋਏ ਵੀ ਮਦਦ ਨਹੀਂ ਕਰ ਸਕੇ। ਤੁਰੰਤ ਪੁਲਿਸ ਤੇ ਐਂਬੂਲੈਂਸ ਸੇਵਾ ਨੂੰ ਸੂਚਨਾ ਦਿੱਤੀ ਗਈ। ਰਾਡ ਗਰਦਨ ਦੇ ਵਿਚਕਾਰੋਂ ਧੱਸ ਕੇ ਮੂੰਹ ਦੇ ਪਾਰ ਹੋ ਗਈ ਸੀ, ਜਿਸ ਕਾਰਨ ਕਿਸੇ ਨੇ ਵੀ ਨੌਜਵਾਨ ਨੂੰ ਉਸ ਤੋਂ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪੁਲਿਸ ਅਤੇ ਮੈਡੀਕਲ ਟੀਮ ਮੌਕੇ ’ਤੇ ਪਹੁੰਚੀ ਅਤੇ ਹਾਲਾਤ ਨੂੰ ਦੇਖਦੇ ਹੋਏ ਨੌਜਵਾਨ ਨੂੰ ਰਾਡ ਤੋਂ ਸੁਰੱਖਿਅਤ ਢੰਗ ਨਾਲ ਹਟਾਇਆ ਗਿਆ।