2027 ਦੀਆਂ ਚੋਣਾਂ ਲਈ ਅਕਾਲੀ ਦਲ ਨੇ ਕੱਸੀ ਕਮਰ, ਨਾਭਾ 'ਚ ਵਪਾਰੀਆਂ ਦੀਆਂ ਸੁਣੀਆਂ ਮੁਸ਼ਕਿਲਾਂ; ਸੁਖਬੀਰ ਨੇ 'ਆਪ' 'ਤੇ ਵਿੰਨ੍ਹਿਆ ਨਿਸ਼ਾਨਾ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਿਆਸੀ ਸਫਾਇਆ ਹੋ ਚੁੱਕਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਸਿਰਫ਼ ਦੋ ਸੀਟਾਂ ਹੀ ਮਿਲਣਗੀਆਂ, ਜਦਕਿ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਧੂਰੀ ਵਿਧਾਨ ਸਭਾ ਹਲਕੇ ਤੋਂ ਜ਼ਮਾਨਤ ਜ਼ਬਤ ਹੋਵੇਗੀ। ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਭਾ ਵਿਖੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਰੱਖੇ ਪ੍ਰੋਗਰਾਮ ਦੌਰਾਨ ਕੀਤਾ।
Publish Date: Tue, 03 Nov 2026 10:26 AM (IST)
Updated Date: Tue, 03 Nov 2026 10:28 AM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਿਆਸੀ ਸਫਾਇਆ ਹੋ ਚੁੱਕਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਸਿਰਫ਼ ਦੋ ਸੀਟਾਂ ਹੀ ਮਿਲਣਗੀਆਂ, ਜਦਕਿ ਬਾਕੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਧੂਰੀ ਵਿਧਾਨ ਸਭਾ ਹਲਕੇ ਤੋਂ ਜ਼ਮਾਨਤ ਜ਼ਬਤ ਹੋਵੇਗੀ। ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਾਭਾ ਵਿਖੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਰੱਖੇ ਪ੍ਰੋਗਰਾਮ ਦੌਰਾਨ ਕੀਤਾ।
2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸੁਖਬੀਰ ਵੱਲੋਂ ਸੂਬੇ ਦੇ ਵੱਖ-ਵੱਖ ਹਲਕਿਆਂ ਵਿੱਚ ਵਪਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ। ਨਾਭਾ ਦੇ ਲਾਇਨਜ਼ ਕਲੱਬ ਵਿਖੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸੈਲਰ, ਕਰਿਆਨਾ, ਕੰਬਾਈਨ, ਪਲਾਈਵੁੱਡ, ਡੇਅਰੀ, ਆੜ੍ਹਤੀ ਅਤੇ ਟਾਇਰ ਐਸੋਸੀਏਸ਼ਨਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ। ਵਪਾਰੀਆਂ ਨੇ ਟੈਕਸਾਂ ਅਤੇ ਜੀਐੱਸਟੀ ਦੇ ਵਧਦੇ ਬੋਝ, ਸੁਰੱਖਿਆ ਪ੍ਰਬੰਧਾਂ ਅਤੇ ਕਾਰੋਬਾਰ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਮੈਡੀਸਨ ਐਸੋਸੀਏਸ਼ਨ ਨੇ ਟੈਕਸ ਵਧਾ ਕੇ ਸੁਰੱਖਿਆ ਪ੍ਰਬੰਧ ਦੇਣ ਦੀ ਮੰਗ ਰੱਖੀ, ਜਦਕਿ ਟਾਇਰ ਐਸੋਸੀਏਸ਼ਨ ਨੇ ਟੈਕਸ ਘਟਾਉਣ ਦੀ ਮੰਗ ਕੀਤੀ। ਕੰਬਾਈਨ ਐਸੋਸੀਏਸ਼ਨ ਨੇ ਜੀਐੱਸਟੀ ਅਤੇ ਟੈਕਸਾਂ ਤੋਂ ਇਲਾਵਾ ਕੰਬਾਈਨਾਂ ਦੀ ਟੈਸਟਿੰਗ ਪੰਜਾਬ ਵਿੱਚ ਹੀ ਕਰਵਾਉਣ ਦਾ ਮੁੱਦਾ ਚੁੱਕਿਆ।
ਵਪਾਰੀਆਂ ਨੇ ਨਾਭਾ ਸ਼ਹਿਰ ਵਿੱਚ ਵਧ ਰਹੀਆਂ ਲੁੱਟਾਂ-ਖੋਹਾਂ, ਡਕੈਤੀਆਂ ਅਤੇ ਚੋਰੀਆਂ ਦੀਆਂ ਘਟਨਾਵਾਂ ’ਤੇ ਵੀ ਚਿੰਤਾ ਪ੍ਰਗਟਾਈ। ਸੁਖਬੀਰ ਨੇ ਕਿਹਾ ਕਿ ਵਪਾਰੀਆਂ ਦੀਆਂ ਕਈ ਮੰਗਾਂ ਸਰਕਾਰ ਬਣਨ ਤੋਂ ਬਾਅਦ ਪੂਰੀਆਂ ਕੀਤੀਆਂ ਜਾਣਗੀਆਂ, ਜਦਕਿ ਕੁਝ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਪਹਿਲਾਂ ਵੀ ਵਿਰੋਧ ਕਰਦੀ ਰਹੀ ਹੈ। ਉਨ੍ਹਾਂ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦਾ ਹਰ ਪੱਖੋਂ ਬੁਰਾ ਹਾਲ ਹੈ ਅਤੇ ਹਰ ਵਰਗ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਨਸ਼ਿਆਂ ਦੇ ਮੁੱਦੇ ’ਤੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਨੌਜਵਾਨੀ ਨਸ਼ਿਆਂ ਦੀ ਮਾਰ ਹੇਠ ਆ ਰਹੀ ਹੈ।
ਇਸ ਮੌਕੇ ਮੱਖਣ ਸਿੰਘ ਲਾਲਕਾ, ਬਲਤੇਜ ਸਿੰਘ ਖੋਖ, ਅਸ਼ੋਕ ਬਾਸਲ, ਬਬਲੂ ਖੋਰਾ, ਗੁਰਸੇਵਕ ਸਿੰਘ ਗੋਲੂ, ਗੁਰਦਿਆਲ ਇੰਦਰ ਸਿੰਘ ਬਿੱਲੂ, ਗੁਰਚਰਨ ਸਿੰਘ ਘਮਰੋਦਾ, ਕੌਂਸਲਰ ਦੀਪਕ ਇੰਦੋਰਾ ਅਤੇ ਹਰਪ੍ਰੀਤ ਕੌਰ ਰਾਮਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ, ਵਰਕਰ ਅਤੇ ਵਪਾਰੀ ਹਾਜ਼ਰ ਸਨ।