ਬਲਾਕ ਸੰਮਤੀ ਤੇ ਆਪ ਦਾ ਕਬਜ਼ਾ ਬਰਕਰਾਰ
ਬਲਾਕ ਸੰਮਤੀ ਤੇ ਆਪ ਦਾ ਕਬਜ਼ਾ ਬਰਕਰਾਰ
Publish Date: Thu, 26 Mar 2026 04:16 PM (IST)
Updated Date: Fri, 27 Mar 2026 04:02 AM (IST)

ਬਲਜਿੰਦਰ ਸਿੰਘ ਚੇਅਰਮੈਨ ਤੇ ਕੁਲਦੀਪ ਕੌਰ ਬਣੇ ਉੱਪ ਚੇਅਰਮੈਨ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਸਬੰਧੀ ਮੀਟਿੰਗ ਅੱਜ ਇਕ ਵਾਰ ਫੇਰ ਐੱਸਡੀਐੱਮ ਭਵਾਨੀਗੜ੍ਹ ਮਨਜੀਤ ਕੌਰ ਦੀ ਦੇਖ-ਰੇਖ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਬਲਾਕ ਸੰਮਤੀ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਦੌਰਾਨ ਜੇਤੂ ਬਲਾਕ ਸੰਮਤੀ ਦੇ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਬਲਜਿੰਦਰ ਸਿੰਘ ਬਾਲਦ ਖ਼ੁਰਦ ਨੂੰ ਚੇਅਰਮੈਨ, ਕੁਲਦੀਪ ਕੌਰ ਨੂੰ ਉੱਪ ਚੇਅਰਮੈਨ ਚੁਣਿਆ ਗਿਆ। ਇਸ ਵਿਚ ਬਲਾਕ ਸੰਮਤੀ ਦੇ 15 ਜ਼ੋਨਾਂ ਦੇ ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਸ਼ਾਮਲ ਹੋਏ। ਇਸ ਮੌਕੇ ਚੋਣ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ 15 ਮੈਂਬਰਾਂ ਵਿਚੋਂ 8 ਬਲਾਕ ਸੰਮਤੀ ਮੈਂਬਰਾਂ ਤੇ ਇਕ ਮੌਜੂਦਾ ਵਿਧਾਇਕ ਦੇ ਵੋਟ ਨਾਲ ਕੁੱਲ 9 ਵੋਟਾਂ ’ਤੇ ਬਹੁਸੰਮਤੀ ਹੋਣ ਕਰਕੇ ਬਲਜਿੰਦਰ ਸਿੰਘ ਬਾਲਦ ਖ਼ੁਰਦ ਨੂੰ ਚੇਅਰਮੈਨ ਤੇ ਕੁਲਦੀਪ ਕੌਰ ਨੂੰ ਉੱਪ ਚੇਅਰਮੈਨ ਬਣਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਭਰਾਜ ਵੱਲੋਂ ਦੋਵੇਂ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪ ਦੇ ਬਲਾਕ ਸੰਮਤੀ ਮੈਂਬਰ ਰਜਿੰਦਰ ਸਿੰਘ ਘਰਾਚੋਂ, ਵਿਕਰਮਜੀਤ ਸਿੰਘ ਨਕਟੇ, ਕੁਲਵੀਰ ਸਿੰਘ ਕਾਕੜਾ, ਨਿਰਭੈ ਸਿੰਘ ਕਾਲਾਝਾੜ, ਮਾਲਵਿੰਦਰ ਸਿੰਘ ਮਾਲਾ ਝਨੇੜੀ, ਸੁਖਜਿੰਦਰ ਸਿੰਘ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਸੀਰ ਸਿੰਘ ਝਨੇੜੀ, ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ, ਲਖਵਿੰਦਰ ਸਿੰਘ ਲੱਖਾ ਫੱਗੂਵਾਲਾ ਸਮੇਤ ਵੱਡੀ ਗਿਣਤੀ ਵਿਚ ਆਪ ਦੇ ਹੋਰ ਆਗੂ ਹਾਜ਼ਰ ਸਨ। ਕਾਂਗਰਸੀ ਸੰਮਤੀ ਮੈਂਬਰ ਹੋਏ ਨਿਰਾਸ਼ ਉਧਰ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਮੌਕੇ ਕਾਂਗਰਸੀ ਪਾਰਟੀ ਨਾਲ ਸੰਬੰਧਿਤ ਸੰਮਤੀ ਮੈਂਬਰਾਂ ਵੱਲੋਂ ਨਿਰਾਸ਼ਾ ਜਾਹਿਰ ਕੀਤੀ ਗਈ। ਫੱਗੂਵਾਲਾ ਜੋਨ ਤੋਂ ਗੁਰਪ੍ਰੀਤ ਕੌਰ, ਨਦਾਮਪੁਰ ਜੋਨ ਤੋਂ ਹਰਪ੍ਰੀਤ ਕੌਰ, ਚੰਨੋ ਜੋਨ ਤੋਂ ਰਜਿੰਦਰ ਕੌਰ, ਭੜ੍ਹੋ ਜੋਨ ਤੋਂ ਸੀਮਾ ਕੌਰ, ਆਲੋਅਰਖ਼ ਜੋਨ ਤੋਂ ਸੁਖਵੀਰ ਸਿੰਘ ਅਤੇ ਸਕਰੌਦੀ ਜੋਨ ਤੋਂ ਨਰਦੀਪ ਕੌਰ ਮੀਟਿੰਗ ਵਿਚੋਂ ਬਾਹਰ ਆ ਗਏ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਵੋਟ ਅਤੇ 2 ਆਜ਼ਾਦ ਵਿਧਾਇਕਾਂ ਦੇ ਉਹਨਾਂ ਵੱਲ ਚਲੇ ਜਾਣ ਅਤੇ ਸੱਤਾਧਾਰੀ ਪਾਰਟੀ ਦੇ ਮੈਂਬਰ ਪੂਰੇ ਹੋਣ ਕਰਕੇ ਉਨ੍ਹਾਂ ਨੂੰ ਵੋਟ ਪਾਉਣ ਜਾਂ ਨਾ ਪਾਉਣ ਬਾਰੇ ਕੁਝ ਨਹੀਂ ਪੁੱਛਿਆ ਗਿਆ, ਜਿਸ ਕਾਰਨ ਉਹ ਬਾਹਰ ਆ ਗਏ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਬਲਾਕ ਸੰਮਤੀ ਦੀ ਅਜ਼ਾਦ ਚੋਣ ਜਿੱਤੇ ਅਮਨਿੰਦਰ ਕੌਰ ਵੀ ਮੀਟਿੰਗ ਵਿੱਚੋਂ ਚੁੱਪਚਾਪ ਬਾਹਰ ਆ ਗਏ।