- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਿਆਲਾ-ਦੇਵੀਗੜ੍ਹ ਰੋਡ ’ਤੇ ਹੋਲਡਿੰਗ ਬੋਰਡਾਂ ਦਾ ਜਾਲ, ਪੀਡਬਲਯੂਡੀ ਦੇ ਸਾਈਨ ਬੋਰਡ ਵੀ ਢਕੇ

ਰਾਕੇਸ਼ ਸ਼ਰਮਾ, ਪੰਜਾਬੀ ਜਾਗਰਣ, ਭੁਨਰਹੇੜੀ : ਹਲਕਾ ਸਨੌਰ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਸਿਆਸੀ ਆਗੂਆਂ ’ਚ ਆਪਣੀ ਤਾਕਤ ਦਿਖਾਉਣ ਦੀ ਹੋੜ ਵੀ ਵਧਦੀ ਨਜ਼ਰ ਆ ਰਹੀ ਹੈ। ਇਸੇ ਤਹਿਤ ਪਟਿਆਲਾ-ਦੇਵੀਗੜ੍ਹ ਰੋਡ ’ਤੇ ਇਨ੍ਹੀਂ ਦਿਨੀਂ ਸਿਆਸੀ ਪ੍ਰਚਾਰ ਤੇ ਇਸ਼ਤਿਹਾਰਾਂ ਵਾਲੇ ਵੱਡੇ-ਵੱਡੇ ਹੋਲਡਿੰਗ ਬੋਰਡਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਸੜਕ ਕਿਨਾਰਿਆਂ ’ਤੇ ਵੱਖ-ਵੱਖ ਥਾਵਾਂ ’ਤੇ ਲੱਗੇ ਇਨ੍ਹਾਂ ਬੋਰਡਾਂ ਕਾਰਨ ਹੁਣ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉੱਠਣ ਲੱਗੇ ਹਨ। ਜ਼ਿਕਰਯੋਗ ਹੈ ਕਿ ਲੋਕਾਂ ਦੀ ਸਹੂਲਤ ਤੇ ਵਾਹਨ ਚਾਲਕਾਂ ਨੂੰ ਸਹੀ ਰਸਤੇ ਦੀ ਜਾਣਕਾਰੀ ਦੇਣ ਲਈ ਪੀਡਬਲਯੂਡੀ ਵਿਭਾਗ ਵੱਲੋਂ ਸੜਕਾਂ ਦੇ ਕਿਨਾਰਿਆਂ ’ਤੇ ਦਿਸ਼ਾ-ਸੂਚਕ ਅਤੇ ਮਾਰਕ ਬੋਰਡ ਲਗਾਏ ਜਾਂਦੇ ਹਨ। ਇਨ੍ਹਾਂ ਰਾਹੀਂ ਰਾਹਗੀਰਾਂ ਨੂੰ ਮੋੜਾਂ, ਰਸਤਿਆਂ ਤੇ ਹੋਰ ਜ਼ਰੂਰੀ ਜਾਣਕਾਰੀਆਂ ਮਿਲਦੀਆਂ ਹਨ, ਪਰ ਸਿਆਸੀ ਪ੍ਰਚਾਰ ਲਈ ਲਗਾਏ ਜਾ ਰਹੇ ਵੱਡੇ ਹੋਲਡਿੰਗ ਬੋਰਡਾਂ ਕਾਰਨ ਇਨ੍ਹਾਂ ਸਰਕਾਰੀ ਬੋਰਡਾਂ ਦੀ ਦਿੱਖ ਪ੍ਰਭਾਵਿਤ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਸਭ ਤੋਂ ਵੱਡੀ ਚਿੰਤਾ ਸੜਕ ਸੁਰੱਖਿਆ ਨੂੰ ਲੈ ਕੇ ਹੈ। ਦਿਸ਼ਾ-ਸੂਚਕ ਬੋਰਡਾਂ ਦੇ ਸਾਹਮਣੇ ਜਾਂ ਨੇੜੇ ਲੱਗੇ ਵੱਡੇ ਹੋਰਡਿੰਗ ਅਣਜਾਣ ਰਾਹਗੀਰਾਂ ਲਈ ਮੁਸ਼ਕਲ ਪੈਦਾ ਕਰ ਸਕਦੇ ਹਨ। ਖਾਸ ਕਰਕੇ ਰਾਤ ਸਮੇਂ ਅਤੇ ਮੋੜਾਂ ਵਾਲੀਆਂ ਥਾਵਾਂ ’ਤੇ ਹਾਦਸਿਆਂ ਦਾ ਖਤਰਾ ਵਧ ਸਕਦਾ ਹੈ।ਇਲਾਕਾ ਵਾਸੀਆਂ ਨੇ ਸਵਾਲ ਉਠਾਇਆ ਹੈ ਕਿ ਕੀ ਸੜਕ ਕਿਨਾਰਿਆਂ ’ਤੇ ਬੋਰਡ ਲਗਾਉਣ ਲਈ ਕੋਈ ਨਿਯਮ ਜਾਂ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਪੀਡਬਲਯੂਡੀ ਵਿਭਾਗ ਅਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਾਮਲੇ ਦਾ ਨੋਟਿਸ ਲੈ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬੋਰਡਾਂ ਦੀ ਜਾਂਚ ਕੀਤੀ ਜਾਵੇ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇ।