ਰਾਜਿੰਦਰ ਦੀਪਾ ਦੀ ਰਿਹਾਇਸ਼ ਤੇ ਲੋਕਾਂ ਦਾ ਲੱਗਿਆ ਤਾਂਤਾ ਰਾਜਿੰਦਰ ਦੀਪਾ ਦੀ ਰਿਹਾਇਸ਼ ਤੇ ਲੋਕਾਂ ਦਾ ਲੱਗਿਆ ਤਾਂਤਾ
Publish Date: Wed, 07 Oct 2026 03:37 PM (IST)
Updated Date: Thu, 08 Oct 2026 04:02 AM (IST)
ਜ਼ਮਾਨਤ ’ਤੇ ਰਿਹਾਅ ਹੋਣ ਉਪਰੰਤ ਪੁੱਜੇ ਸੁਨਾਮ, ਕਿਹਾ- ਲੋਕਾਂ ਦੇ ਹੱਕਾਂ ਲਈ ਸੰਘਰਸ਼ ਰਹੇਗਾ ਜਾਰੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਕਨੋਈ ਦੇ ਖੁਦਕੁਸ਼ੀ ਕਰ ਗਏ ਦਲਿਤ ਪਰਿਵਾਰ ਦੇ ਨੌਜਵਾਨ ਸਨਮਦੀਪ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਜੱਦੋ-ਜਹਿਦ ਕਰ ਰਹੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਜ਼ਮਾਨਤ ਮਨਜ਼ੂਰ ਹੋਣ ਬੁੱਧਵਾਰ ਨੂੰ ਸੁਨਾਮ ਵਿਖੇ ਆਪਣੀ ਰਿਹਾਇਸ਼ ’ਤੇ ਪੁੱਜੇ। ਇਸ ਮੌਕੇ ਹਲਕੇ ਨਾਲ ਸਬੰਧਿਤ ਕਾਂਗਰਸ ਪਾਰਟੀ ਦੇ ਆਗੂਆਂ, ਵਰਕਰਾਂ ਤੋਂ ਇਲਾਵਾ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਪਤਵੰਤਿਆਂ ਨੇ ਰਾਜਿੰਦਰ ਦੀਪਾ ਨੂੰ ਸਨਮਾਨਿਤ ਕੀਤਾ। ਲੋਕਾਂ ਨੇ ਆਖਿਆ ਕਿ ਲੋਕਾਂ ਲਈ ਲੜਣ ਵਾਲੇ ਦੀਪਾ ਹਮੇਸ਼ਾ ਦਲੇਰੀ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹਨ। ਸੁਨਾਮ ਰਿਹਾਇਸ਼ ਵਿਖੇ ਹੋਈ ਇਕੱਤਰਤਾ ਦੌਰਾਨ ਹਲਕਾ ਸੁਨਾਮ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਰਾਜਿੰਦਰ ਦੀਪਾ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਬੌਖਲਾਹਟ ਵਿੱਚ ਆ ਕੇ ਵਿਰੋਧੀਆਂ ਨੂੰ ਦਬਾਉਣ ਲਈ ਕੋਝੇ ਹੱਥਕੰਡੇ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਜਿਲਾ ਸੰਗਰੂਰ ਅੰਦਰ ਨਸ਼ਿਆ ਦਾ ਕਥਿਤ ਕਾਲਾ ਕਾਰੋਬਾਰ ਸਰਕਾਰ ਅਤੇ ਪ੍ਰਸ਼ਾਸਨ ਦੇ ਨੱਕ ਹੇਠ ਸ਼ਰੇਆਮ ਚੱਲ ਰਿਹਾ ਹੈ। ਨਸ਼ਿਆਂ ਖਿਲਾਫ ਅਵਾਜ਼ ਬੁਲੰਦ ਕਰਨ ਵਾਲਿਆਂ ਤੇ ਪੁਲਿਸ ਵੱਲੋਂ ਜਬਰੀ ਤਸ਼ੱਦਦ ਕੀਤਾ ਜਾ ਰਿਹਾ ਹੈ। ਹਾਕਮ ਧਿਰ ਵੱਲੋਂ ਸਤਾਏ ਆਤਮ ਹੱਤਿਆ ਕਰ ਰਹੇ ਹਨ। ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਆਖਿਆ ਕਿ ਪੁਲਿਸ ਇਨਸਾਫ਼ ਦੇਣ ਦੀ ਬਜਾਏ ਉਲਟਾ ਉਨ੍ਹਾਂ ਲੋਕਾਂ ਨੂੰ ਹੀ ਤੰਗ ਪ੍ਰੇਸਾਨ ਕਰ ਰਹੀ ਹੈ, ਅਜਿਹੇ ਵਰਤਾਰੇ ਦਾ ਹਿਸਾਬ ਲੈਣ ਲਈ ਜਨਤਾ ਤਿਆਰ ਬੈਠੀ ਹੈ। ਉਨ੍ਹਾਂ ਕਿਹਾ ਕਿ ਲੋਕ-ਹਿੱਤਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ ਬੇਸ਼ੱਕ ਸਰਕਾਰ ਤੇ ਪੁਲਿਸ ਜਿੰਨੇ ਮਰਜ਼ੀ ਝੂਠੇ ਪੁਲਿਸ ਕੇਸ ਦਰਜ ਕਰ ਲਵੇ। ਦੱਸ ਦੇਈਏ ਪੁਲਿਸ ਨੇ ਰਾਜਿੰਦਰ ਦੀਪਾ ਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਮੌਕੇ ਸੋਨੀਆ ਅਰੋੜਾ, ਕਾਂਗਰਸ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਬਲਦੇਵ ਕ੍ਰਿਸ਼ਨ ਭੋਲਾ, ਸਾਬਕਾ ਕੌਂਸਲਰ ਹਾਕਮ ਸਿੰਘ, ਸੁਰਜੀਤ ਸਿੰਘ ਆਨੰਦ ਹਾਜ਼ਰ ਸਨ।