ਡੀਐੱਸਪੀ ਦਫ਼ਤਰ ਨਕੋਦਰ ਦਾ 22 ਨੂੰ ਘਿਰਾਓ ਕਰਨਗੇ ਕਿਸਾਨ 22 ਨਵੰਬਰ ਨੂੰ ਡੀਐਸਪੀ ਦਫ਼ਤਰ ਨਕੋਦਰ ’ਚ ਦਿੱਤਾ ਜਾਵੇਗਾ ਸੂਬਾ ਪੱਧਰੀ ਧਰਨਾ
Publish Date: Wed, 18 Nov 2026 05:04 PM (IST)
Updated Date: Wed, 18 Nov 2026 05:06 PM (IST)
ਕਰਨਵੀਰ ਸਿੰਘ, ਪੰਜਾਬੀ ਜਾਗਰਣ, ਲੌਂਗੋਵਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੰਗਰੂਰ ਦੀ ਮੀਟਿੰਗ ਬਲਾਕ ਪ੍ਰਧਾਨ ਜਗਤਾਰ ਸਿੰਘ ਲੱਡੀ ਤੇ ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ ਦੀ ਅਗਵਾਈ ਹੇਠ ਮਸਤੂਆਣਾ ਸਾਹਿਬ ਵਿਖੇ ਹੋਈ। ਜਿਸ ਵਿੱਚ ਬਲਾਕ ਤੇ ਪਿੰਡ ਇਕਾਈ ਦੀਆਂ ਕਮੇਟੀਆਂ ਦੇ ਕਿਸਾਨ ਆਗੂ ਸ਼ਾਮਲ ਹੋਏ। ਇਸ ਮੀਟਿੰਗ ਦੱਸਿਆ ਕਿ 22 ਨਵੰਬਰ ਨੂੰ ਨਕੋਦਰ ਸ਼ਹਿਰ ਵਿਖੇ ਡੀਐਸਪੀ ਦਫ਼ਤਰ ਅੱਗੇ ਵੱਖ-ਵੱਖ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੀ ਸੂਬਾ ਪੱਧਰੀ ਵੱਡਾ ਇਕੱਠ ਇਸ ਰੋਸ ਧਰਨੇ ਵਿੱਚ ਸ਼ਾਮਲ ਹੋਵੇਗਾ ਜਿਸ ਵਿੱਚ ਮਾਵਾਂ ਭੈਣਾਂ ਦੀ ਵੀ ਵੱਡੀ ਗਿਣਤੀ ਸ਼ਮੂਲੀਅਤ ਕਰੇਗੀ। ਇਸ ਧਰਨੇ ਦਾ ਮੁੱਖ ਮੰਤਵ ਇਸੇ ਸਾਲ 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ ਦਾ ਜਨਮ ਦਿਹਾੜਾ ਮਨਾਇਆ ਗਿਆ ਸੀ ਜਿਸ ਦੀਆਂ ਪਹਿਲਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਜਿਸ ਦੀ ਅਗਵਾਈ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦਾ ਆਗੂ ਹਰਮੇਸ਼ ਮਾਲੜੀ ਕਰ ਰਿਹਾ ਸੀ ਉਸ ਦੌਰਾਨ ਤਲਵੰਡੀ ਸਲੇਮ ਦੇ ਸਰਪੰਚ ਨੇ ਉੱਥੋਂ ਦੀ ਮਹਿਲਾ ਵਿਧਾਇਕ ਦੇ ਇਸ਼ਾਰੇ ਤੇ ਪ੍ਰੋਗਰਾਮ ਰੋਕਣ ਦੀ ਕੋਸ਼ਿਸ਼ ਕੀਤੀ ਤੇ ਮਜ਼ਦੂਰ ਆਗੂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਤੇ ਮੋਬਾਇਲ ਫੋਨ ਵੀ ਖੋਹਿਆ ਗਿਆ। ਜਿਸ ਦੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਕਾਫ਼ੀ ਗਿਣਤੀ ਜਨਤਕ ਜਥੇਬੰਦੀਆਂ ਵੱਲੋਂ ਡੀਐਸਪੀ ਨਕੋਦਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਕਈ ਦਿਨਾਂ ਬਾਅਦ ਵੱਖ-ਵੱਖ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਬੀਕੇਯੂ ਉਗਰਾਹਾਂ ਦੇ ਸੂਬਾ ਆਗੂਆਂ ਦੀ ਮੀਟਿੰਗ ਚੰਡੀਗੜ ਵਿਖੇ ਹੋਈ ਸੀ। ਮੀਟਿੰਗ ਵਿੱਚ ਇਸ ਮਸਲੇ ਸਬੰਧੀ ਮੰਗ ਵੀ ਮੁੱਖ ਮੰਗਾਂ ਵਿੱਚ ਰੱਖੀ ਗਈ ਸੀ ਕਿ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਜਿਸ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਫੌਰੀ ਤੌਰ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰ ਹਾਲੇ ਤੱਕ ਵੀ ਸਰਪੰਚ ਸਮੇਤ ਕਿਸੇ ਵੀ ਦੋਸ਼ੀ ਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਦੇ ਰੋਸ ਵਜੋਂ 22 ਨਵੰਬਰ ਨੂੰ ਮੁੜ ਡੀਐਸਪੀ ਦਫ਼ਤਰ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਬਾਅਦ ਬਲਾਕ ਪ੍ਰਧਾਨ ਜਗਤਾਰ ਸਿੰਘ ਲੱਡੀ ਨੇ ਸਾਰੇ ਪਿੰਡ ਦੇ ਪ੍ਰਧਾਨ ਤੇ ਸਕੱਤਰਾਂ ਨੂੰ ਆਖਿਆ ਕਿ 22 ਨਵੰਬਰ ਨੂੰ ਹਰੇਕ ਬਲਾਕ ਵਿੱਚ ਵੱਧ ਤੋਂ ਗਿਣਤੀ ਜਾਣੀ ਚਾਹੀਦੀ ਹੈ ਬਲਾਕ ਲਈ ਵੱਡੀਆਂ ਬੱਸਾਂ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ। ਇਸ ਮੌਕੇ ਪ੍ਰੈਸ ਸਕੱਤਰ ਚਮਕੌਰ ਸਿੰਘ ਲੱਡੀ, ਖਜਾਨਚੀ ਅਵਤਾਰ ਸਿੰਘ ਲੱਡੀ, ਬਲਾਕ ਆਗੂ ਬੂਟਾ ਲੌਂਗੋਵਾਲ, ਹਰਮੇਲ ਸਿੰਘ, ਲੋਹਾਖੇੜਾ ਸਿੰਘ, ਨਿਰਭੈ ਸਿੰਘ ਮੰਗਵਾਲ, ਮਹਿੰਦਰ ਸਿੰਘ ਮੰਗਵਾਲ ਬੀਰ ਸਿੰਘ ਚੱਠੇ, ਗੁਰਪ੍ਰੀਤ ਸਿੰਘ ਬਾਲੀਆਂ, ਕੁਲਵੰਤ ਸਿੰਘ ਗੱਗੜਪੁਰ ਹਾਜ਼ਰ ਸਨ।