ਕੁੱਤਿਆਂ ਦੇ ਝੁੰਡ ਨੇ ਨੌਜਵਾਨ ਨੂੰ ਨੋਚਿਆ, ਜ਼ੇਰੇ ਇਲਾਜ
ਕੁੱਤਿਆਂ ਦੇ ਝੁੰਡ ਨੇ ਨੌਜਵਾਨ ਨੂੰ ਨੋਚਿਆ, ਜੇਰੇ ਇਲਾਜ
Publish Date: Sat, 28 Mar 2026 05:03 PM (IST)
Updated Date: Sun, 29 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧੂਰੀ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦੀ ਵੱਧ ਰਹੀ ਦਹਿਸ਼ਤ ਦੇ ਦਰਮਿਆਨ ਬੀਤੀ ਰਾਤ ਇੱਕ ਖੌਫਨਾਕ ਹਾਦਸਾ ਸਾਹਮਣੇ ਆਇਆ ਹੈ। ਸਥਾਨਕ ਮਾਲੇਰਕੋਟਲਾ ਰੋਡ ‘ਤੇ ਆਵਾਰਾ ਕੁੱਤਿਆਂ ਦੇ ਇੱਕ ਵੱਡੇ ਝੁੰਡ ਨੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਸਥਾਨਕ ਧਰਮਪੁਰਾ ਮੁਹੱਲਾ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਵਜੋਂ ਹੋਈ ਹੈ। ਜ਼ਖਮੀ ਨੌਜਵਾਨ ਦੇ ਰਿਸ਼ਤੇਦਾਰ ਮਾਥੁਰ ਸ਼ਰਮਾ ਲੱਕੀ ਨੇ ਦੱਸਿਆ ਕਿ ਅਭਿਸ਼ੇਕ ਸ਼ਰਮਾ ਦੇਰ ਰਾਤ ਕਰੀਬ 1:30 ਵਜੇ ਆਪਣਾ ਕੰਮ ਮੁਕਾ ਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ। ਜਦੋਂ ਉਹ ਸ਼ੂਗਰ ਮਿਲ ਦੇ ਮੁੱਖ ਗੇਟ ਦੇ ਨੇੜੇ ਪਹੁੰਚਿਆ ਤਾਂ ਅਚਾਨਕ 15-20 ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਸ ਨੂੰ ਚਾਰੋਂ ਪਾਸਿਓ ਘੇਰ ਲਿਆ। ਕੁੱਤਿਆਂ ਨੇ ਬਹੁਤ ਹੀ ਬੇਰਹਿਮੀ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਜਦੋਂ ਅਭਿਸ਼ੇਕ ਨੇ ਬਚਣ ਦੀ ਕੋਸ਼ਿਸ਼ ਕੀਤੀ ਤਾਂ ਸੜਕ ’ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਉੱਥੇ ਪਏ ਰੋੜੇ-ਪੱਥਰਾਂ ‘ਤੇ ਮੋਟਰਸਾਈਕਲ ਫਿਸਲ ਗਿਆ, ਜਿਸ ਨਾਲ ਉਹ ਸੜਕ ’ਤੇ ਬੁਰੀ ਤਰ੍ਹਾਂ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਅਭਿਸ਼ੇਕ ਸ਼ਰਮਾ ਦੇ ਸਰੀਰ ਤੇ ਚਿਹਰੇ ਦੇ ਕਈ ਹਿੱਸਿਆਂ ‘ਚ ਜ਼ਖਮ ਹੋ ਗਏ ਹਨ। ਮਾਥੁਰ ਸ਼ਰਮਾ ਲੱਕੀ ਅਤੇ ਇਲਾਕੇ ਦੇ ਨਿਵਾਸੀਆਂ ਨੇ ਨਗਰ ਕੌਂਸਲ ਧੂਰੀ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਇਸਦੇ ਨਾਲ ਹੀ ਨਿਰਮਾਣ ਅਧੀਨ ਸੜਕਾਂ ਦੇ ਕੰਮ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ। ਫਿਲਹਾਲ ਜ਼ਖਮੀ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ ਪਰ ਇਸ ਘਟਨਾ ਨੇ ਦੇਰ ਰਾਤ ਕੰਮ ਤੋਂ ਘਰ ਵਾਪਸ ਆਉਣ ਵਾਲੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।