ਰਾਜਪੁਰਾ ’ਚ ਵੱਡੀ ਵਾਰਦਾਤ: ਵਿਆਹ ਸਮਾਗਮ ਦੌਰਾਨ 12 ਤੋਂ ਵੱਧ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ, ਪਾਰਕਿੰਗ ’ਚ ਖੜ੍ਹੀਆਂ ਕਾਰਾਂ ਨੂੰ ਬਣਾਇਆ ਨਿਸ਼ਾਨਾ
ਇਸ ਚੋਰੀ ਦੀ ਘਟਨਾ ਨੂੰ ਲੈ ਕੇ ਜਿੱਥੇ ਪੀੜਤ ਪਰਿਵਾਰਾਂ ਦੇ ਵੱਲੋਂ ਮੈਰਿਜ ਪੈਲੇਸ ਅਤੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਅਸੰਤੁਸ਼ਟੀ ਜਤਾਈ ਹੈ, ਉਥੇ ਦੂਜੇ ਪਾਸੇ ਕਰੀਬ ਇਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਥਾਣਾ ਖੇੜੀ ਗੰਡਿਆਂ ਪੁਲਿਸ ਦੇ ਦੁਆਰਾ ਕੀਤੀ ਜਾਂਦੀ ਗਸਤ ਦੇ ਸੁਰੱਖਿਆ ਦੇ ਦਾਅਵਿਆਂ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
Publish Date: Thu, 24 Sep 2026 01:32 PM (IST)
Updated Date: Thu, 24 Sep 2026 01:36 PM (IST)
ਐੱਚ. ਐੱਸ. ਸੈਣੀ, ਪੰਜਾਬੀ ਜਾਗਰਣ, ਰਾਜਪੁਰਾ। ਰਾਜਪੁਰਾ ਪਟਿਆਲਾ ਨੈਸ਼ਨਲ ਹਾਈਵੇ ਰੋਡ ’ਤੇ ਪਿੰਡ ਖੇੜੀ ਗੰਡਿਆਂ ਨੇੜੇ ਸਥਿਤ ‘ਐਂਬਿਐਸ ਪੈਲੇਸ’ ਦੇ ਵਿੱਚ ਵਿਆਹ ਸਮਾਗਮ ਦੇ ਦੌਰਾਨ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਦੇ ਉੱਤੇ ਚੋਰਾਂ ਦੇ ਵੱਲੋਂ ਧਾਵਾ ਬੋਲਦਿਆਂ ਹੋਇਆ 1 ਦਰਜਨ ਦੇ ਕਰੀਬ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਅੰਦਰੋਂ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਚੋਰੀ ਦੀ ਘਟਨਾ ਨੂੰ ਲੈ ਕੇ ਜਿੱਥੇ ਪੀੜਤ ਪਰਿਵਾਰਾਂ ਦੇ ਵੱਲੋਂ ਮੈਰਿਜ ਪੈਲੇਸ ਅਤੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਅਸੰਤੁਸ਼ਟੀ ਜਤਾਈ ਹੈ, ਉਥੇ ਦੂਜੇ ਪਾਸੇ ਕਰੀਬ ਇਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਥਾਣਾ ਖੇੜੀ ਗੰਡਿਆਂ ਪੁਲਿਸ ਦੇ ਦੁਆਰਾ ਕੀਤੀ ਜਾਂਦੀ ਗਸਤ ਦੇ ਸੁਰੱਖਿਆ ਦੇ ਦਾਅਵਿਆਂ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਰਾਜਪੁਰਾ ਪਟਿਆਲਾ ਰੋਡ ’ਤੇ ਸਥਿਤ ਪਿੰਡ ਖੇੜੀ ਗੰਡਿਆਂ ਨੇੜੇ ਐਂਬਿਐਸ ਮੈਰਿਜ ਪੈਲੇਸ ਸਥਿਤ ਹੈ, ਜਿੱਥੇ ਬੀਤੀ ਰਾਤ ਵਿਆਹ ਸਮਾਗਮ ਦੇ ਦੌਰਾਨ ਆਈਆਂ ਕਾਰਾਂ ਮੈਰਿਜ ਪੈਲੇਸ ਦੀ ਪਾਰਕਿੰਗ ਦੇ ਵਿੱਚ ਖੜੀਆਂ ਕੀਤੀਆਂ ਗਈਆਂ।
ਇਸ ਦੌਰਾਨ ਚੋਰਾਂ ਦੇ ਵੱਲੋਂ ਕਾਰਾਂ ਦੇ ਵਿੱਚ ਪਏ ਕੀਮਤੀ ਸਮਾਨ ਨੂੰ ਚੋਰੀ ਕਰਨ ਦੇ ਮਕਸਦ ਦੇ ਨਾਲ ਇੱਕ ਦਰਜਨ ਦੇ ਕਰੀਬ ਕਾਰਾਂ ਦੇ ਸ਼ੀਸ਼ੇ ਤੋੜ ਕੇ ਅੰਦਰੋਂ ਨਗਦੀ, ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਇਸ ਚੋਰੀ ਦੀ ਘਟਨਾ ਵਾਪਰਨ ਦੇ ਨਾਲ ਜਿੱਥੇ ਇੱਕ ਪਾਸੇ ਮੈਰਿਜ ਪੈਲੇਸ ਦੁਬਾਰਾ ਪਾਰਕਿੰਗ ਦੇ ਵਿੱਚ ਕੀਤੀ ਜਾਂਦੀ ਸਿਕਿਉਰਟੀ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ, ਉੱਥੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਦੇ ਲਈ ਕੀਤੀ ਜਾਂਦੀ ਪੁਲਿਸ ਦੁਬਾਰਾ ਗਸ਼ਤ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ।
ਉਥੇ ਮੌਜੂਦ ਮੌਕੇ ਦੇ ਗਵਾਹਾਂ ਦੇ ਅਨੁਸਾਰ ਕਾਰ ਪਾਰਕ ਕਰਨ ਲਈ 20 ਤੋਂ 25 ਸੁਰੱਖਿਆ ਗਾਰਡ ਮੌਜੂਦ ਸਨ, ਫਿਰ ਵੀ ਅਜਿਹੀ ਘਟਨਾ ਦਾ ਵਾਪਰਨਾ ਕਈ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਆਹ-ਸ਼ਾਦੀਆਂ ਦੇ ਸੀਜ਼ਨ ਦੇ ਮੱਦੇਨਜ਼ਰ ਪੈਲੇਸ ਦੇ ਬਾਹਰ ਪੁਲਿਸ ਦੀ ਸਖ਼ਤ ਗਸ਼ਤ ਵਧਾਈ ਜਾਵੇ ਤਾਂ ਜੋ ਆਮ ਲੋਕ ਬਿਨਾਂ ਕਿਸੇ ਡਰ ਦੇ ਖੁਸ਼ੀ ਦੇ ਮੌਕਿਆਂ ’ਚ ਸ਼ਾਮਲ ਹੋ ਸਕਣ।
ਇਲਾਕਾ ਵਾਸੀਆਂ ਅਨੁਸਾਰ ਕੁਝ ਦਿਨ ਪਹਿਲਾਂ ਵੀ ਇਸੇ ਥਾਂ ’ਤੇ ਇਕ ਕਾਰ ਦੇ ਸ਼ੀਸ਼ੇ ਤੋੜ ਕੇ ਵਿਆਹ ਦਾ ਕੀਮਤੀ ਸਮਾਨ ਚੋਰੀ ਹੋ ਗਿਆ ਸੀ, ਜਿਸ ਸਬੰਧੀ ਪੁਲਿਸ ਅਜੇ ਤੱਕ ਕੋਈ ਸੁਰਾਗ ਨਹੀਂ ਲਗਾ ਸਕੀ | ਹੁਣ ਉਕਤ ਸਥਾਨ ’ਤੇ ਦੁਬਾਰਾ ਅਜਿਹੀ ਵੱਡੀ ਘਟਨਾ ਵਾਪਰਨ ਕਾਰਨ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ ਅਤੇ ਪ੍ਰਸ਼ਾਸਨ ਪ੍ਰਤੀ ਭਾਰੀ ਗੁੱਸਾ ਹੈ। ਜਿਸ ਦੇ ਚਲਦਿਆਂ ਪੀੜਿਤ ਪਰਿਵਾਰਾਂ ਦੇ ਵੱਲੋਂ ਮੈਰਿਜ ਪੈਲਸ ਅਤੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ।
ਇਸ ਸਬੰਧੀ ਜਦੋਂ ਥਾਣਾ ਖੇੜੀ ਗੰਡਿਆ ਦੇ ਐੱਸ.ਐੱਚ.ਓ. ਜਰਨੈਲ ਸਿੰਘ ਭੁੱਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਗਈ ਹੈ ਅਤੇ ਜਲਦੀ ਹੀ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।