
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਜ਼ਾਦੀ ਘੁਲਾਟੀਆਂ ਦਾ ਵਫ਼ਦ ਨੇ ਕੀਤੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : 80ਵੇਂ ਆਜ਼ਾਦੀ ਦਿਵਸ ਸਮਾਰੋਹ ਮੌਕੇ ਪਟਿਆਲਾ ਪਹੁੰਚੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪੱਧਰੀ ਵਫ਼ਦ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਨੇ ਦੱਸਿਆ ਕਿ ਪੋਲੋ ਗਰਾਊਂਡ ਵਿਖੇ ਹੋਏ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ, ਪਰ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਨਮਾਨ ਸਹੂਲਤਾਂ ਸਬੰਧੀ ਕਈ ਮਸਲੇ ਹੱਲ ਨਹੀਂ ਹੋਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੇ ਯਤਨਾਂ ਨਾਲ ਜਥੇਬੰਦੀ ਦੀ ਮੰਤਰੀ ਨਾਲ ਮੁਲਾਕਾਤ ਕਰਵਾਈ ਗਈ। ਵਫ਼ਦ ਨੇ ਮੰਤਰੀ ਨੂੰ ਮੈਮੋਰੰਡਮ ਸੌਂਪਦਿਆਂ ਆਜ਼ਾਦੀ ਘੁਲਾਟੀਆਂ ਦੀ ਚੌਥੀ ਪੀੜ੍ਹੀ ਨੂੰ ਕਾਨੂੰਨੀ ਵਾਰਿਸਾਂ ’ਚ ਸ਼ਾਮਲ ਕਰਨ ਦੀ ਮੰਗ ਰੱਖੀ। ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਨੇ ਵੀ ਇਸ ਮੰਗ ਨਾਲ ਸਹਿਮਤੀ ਪ੍ਰਗਟਾਈ। ਗੁਰਮੀਤ ਸਿੰਘ ਖੁੱਡੀਆਂ ਨੇ ਭਰੋਸਾ ਦਿੱਤਾ ਕਿ ਇਸ ਤਜਵੀਜ਼ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਵਫ਼ਦ ਨੇ ਪਟਿਆਲਾ ਵਿਚ ਦੇਸ਼ ਭਗਤ ਯਾਦਗਾਰ ਹਾਲ ਲਈ ਜ਼ਮੀਨ ਨਿਸ਼ਚਿਤ ਕਰਨ ਦੀ ਮੰਗ ਵੀ ਕੀਤੀ। ਮੰਤਰੀ ਅਤੇ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਜਥੇਬੰਦੀ ਅਨੁਸਾਰ ਹਾਲ ਵਿਚ ਜ਼ਿਲ੍ਹੇ ਦੇ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਲਗਾ ਕੇ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਯੋਗਦਾਨ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰੀਤਾ ਜੋਹਲ, ਦਫ਼ਤਰ ਇੰਚਾਰਜ ਕਮਲਦੀਪ ਸਿੰਘ ਗਿੱਲ, ਬਾਬਾ ਭੁਪਿੰਦਰ ਸਿੰਘ, ਪ੍ਰਭਜੀਤ ਸਿੰਘ ਨਾਭਾ, ਗੁਰਬਚਨ ਸਿੰਘ ਮਕਬੂਲਪੂਰ ਜ਼ਿਲ੍ਹਾ ਜਥੇਬੰਦੀ ਦੇ ਆਗੂ ਮੋਜੂਦ ਸਨ।