- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਤ ਨਾਮਦੇਵ ਭਾਈਚਾਰੇ ਦਾ ਵਫ਼ਦ ਰੂਬੀ ਸਹੋਤਾ ਨੂੰ ਮਿਲਿਆ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਭਗਤ ਨਾਮਦੇਵ ਇੰਟਰਨੈਸ਼ਨਲ ਆਰਗਨਾਈਜੇਸ਼ਨ (ਬੀਐੱਨਆਈਓ) ਕੈਨੇਡਾ ਦੇ ਆਗੂਆਂ ਵੱਲੋਂ ਬ੍ਰੈਂਪਟਨ ਵਿਖੇ ਕੈਨੇਡਾ ਦੀ ਸੰਸਦ ਮੈਂਬਰ ਰੂਬੀ ਸਹੋਤਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਉੱਘੇ ਸਮਾਜਸੇਵੀ ਜਥੇਦਾਰ ਹਰਬੰਸ ਸਿੰਘ ਜੰਡਾਲੀ ਵੀ ਹਾਜ਼ਰ ਸਨ। ਮੁਲਾਕਾਤ ਦੌਰਾਨ ਸਮਾਜ ਨੂੰ ਦਰਪੇਸ਼ ਵੱਖ-ਵੱਖ ਚੁਣੌਤੀਆਂ, ਉਨ੍ਹਾਂ ਦੇ ਹੱਲ ਅਤੇ ਭਾਈਚਾਰੇ ਦੀਆਂ ਅਹਿਮ ਮੰਗਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਕੈਨੇਡਾ ਦੇ ਦੌਰੇ ਤੇ ਗਏ ਆਲ ਇੰਡੀਆ ਕਸ਼ੱਤਰੀ ਟਾਂਕ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਦੱਸਿਆ ਕਿ ਬੀਐੱਨਆਈਓ ਆਗੂਆਂ ਕਮਲਜੀਤ ਸਿੰਘ ਪੁਰਬਾ, ਨਵਦੀਪ ਟਿਵਾਣਾ, ਡਾ. ਚਰਨਜੀਤ ਸਿੰਘ ਕੈਂਥ ਨੇ ਐੱਮਪੀ ਰੂਬੀ ਸਹੋਤਾ ਨੂੰ ਨਾਮਦੇਵ ਭਾਈਚਾਰੇ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਵਿੱਚ ਲਿਖਿਆ ਹੈ ਕਿ ਭਗਤ ਨਾਮਦੇਵ ਜੀ ਦੀ ਮਹਾਨ ਵਿਚਾਰਧਾਰਾ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਕੈਨੇਡਾ ਸਰਕਾਰ ਵੱਲੋਂ ਕਿਸੇ ਯੂਨੀਵਰਸਿਟੀ ਵਿੱਚ ਭਗਤ ਨਾਮਦੇਵ ਜੀ ਦੇ ਨਾਮ ’ਤੇ ਯਾਦਗਾਰੀ ਚੇਅਰ ਸਥਾਪਿਤ ਕੀਤੀ ਜਾਵੇ। ਇਸ ਤੋਂ ਇਲਾਵਾ ਕੈਨੇਡਾ ਵਿੱਚ ਭਗਤ ਨਾਮਦੇਵ ਜੀ ਦੇ ਨਾਮ ’ਤੇ ਭਵਨ ਸਥਾਪਿਤ ਕਰਨ ਲਈ ਜਗ੍ਹਾ ਮੁਹੱਈਆ ਕਰਵਾਉਣ, ਕਿਸੇ ਮਾਰਗ ਜਾਂ ਸੰਸਥਾ ਦਾ ਨਾਮ ਭਗਤ ਨਾਮਦੇਵ ਜੀ ਦੇ ਨਾਮ ’ਤੇ ਰੱਖਣ ਅਤੇ ਸਕੂਲਾਂ ਦੇ ਪਾਠਕ੍ਰਮ ਵਿੱਚ ਭਗਤ ਨਾਮਦੇਵ ਜੀ ਦੇ ਜੀਵਨ, ਵਿਚਾਰਾਂ ਅਤੇ ਮਨੁੱਖਤਾ ਨੂੰ ਦਿੱਤੇ ਯੋਗਦਾਨ ਸਬੰਧੀ ਇੱਕ ਅਧਿਆਇ ਸ਼ਾਮਲ ਕਰਨ ਦੀ ਮੰਗ ਵੀ ਰੱਖੀ ਗਈ। ਐੱਮਪੀ ਰੂਬੀ ਸਹੋਤਾ ਨੇ ਕਿਹਾ ਕਿ ਸਮਾਜਿਕ ਜਾਗਰੂਕਤਾ, ਗੁਣਵੱਤਾਪੂਰਨ ਸਿੱਖਿਆ ਅਤੇ ਆਪਸੀ ਸਹਿਯੋਗ ਰਾਹੀਂ ਹੀ ਅਜੋਕੀਆਂ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਜਥੇਦਾਰ ਹਰਬੰਸ ਸਿੰਘ ਜੰਡਾਲੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਇਤਿਹਾਸਕ ਦੀਵਾਨ ਟੋਡਰ ਮੱਲ ਹਵੇਲੀ ਦੇ ਨਵੀਨੀਕਰਨ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਬਾਰੇ ਵੀ ਚਰਚਾ ਕੀਤੀ ਗਈ। ਬੀਐੱਨਆਈਓ ਆਗੂਆਂ ਕਮਲਜੀਤ ਸਿੰਘ ਪੁਰਬਾ, ਡਾ. ਚਰਨਜੀਤ ਸਿੰਘ ਕੈਂਥ, ਜਸਵਿੰਦਰ ਸਿੰਘ ਤੱਗੜ ਅਤੇ ਅਮਰੀਕ ਸਿੰਘ ਹਰੀ ਨੇ ਕਿਹਾ ਕਿ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਦੀ ਸੰਭਾਲ ਲਈ ਜਥੇਦਾਰ ਹਰਬੰਸ ਸਿੰਘ ਜੰਡਾਲੀ ਵੱਲੋਂ ਨਿਸ਼ਕਾਮ ਸੇਵਾ ਭਾਵਨਾ ਨਾਲ ਕੀਤੇ ਜਾ ਰਹੇ ਕਾਰਜ ਸਮੁੱਚੇ ਸਮਾਜ ਲਈ ਪ੍ਰੇਰਣਾਦਾਇਕ ਹਨ। ਇਸ ਮੌਕੇ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੇ ਅਸਥਾਨ ’ਤੇ ਸੋਲਰ ਪਲਾਂਟ ਲਾਉਣ ਲਈ ਜਥੇਦਾਰ ਹਰਬੰਸ ਸਿੰਘ ਜੰਡਾਲੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਸੇਵਾ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ।