- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨੀ ਮਸਲਿਆਂ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਬਹਿਰੂ ਵੱਲੋਂ ਗੁਰਦੁਆਰਾ ਕਾਰ ਸੇਵਾ ਘਨੌਰ ਵਿਖੇ ਇਕ ਭਰਵੀਂ ਤੇ ਹੰਗਾਮੀ ਮੀਟਿੰਗ ਬਲਾਕ ਪ੍ਰਧਾਨ ਨਵਤੇਜ ਸਿੰਘ ਉਕਸੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜਥੇਬੰਦੀ ਦੇ ਕੌਮੀ ਪ੍ਰਧਾਨ ਸਤਿਨਾਮ ਸਿੰਘ ਬਹਿਰੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸਤਿਨਾਮ ਸਿੰਘ ਬਹਿਰੂ ਨੇ ਕਿਸਾਨਾਂ ਨੂੰ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ 15 ਅਗਸਤ ਨੂੰ ਕੀਤੇ ਜਾ ਰਹੇ ਰੋਸ ਮਾਰਚ ਵਿਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 16 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਖਨੌਰੀ ਬਾਰਡਰ ਤੋਂ ਦਿੱਲੀ ਲਈ ਕੀਤੇ ਜਾ ਰਹੇ ਪੈਦਲ ਮਾਰਚ ਵਿਚ ਵੀ ਕਿਸਾਨ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ। ਮੀਟਿੰਗ ਦੌਰਾਨ ਪੰਜਾਬ ਵਿੱਚ ਕਥਿਤ ਯੂਰੀਆ ਖਾਦ ਘੁਟਾਲੇ ਅਤੇ ਸਬਸਿਡੀ ਵਾਲੇ ਯੂਰੀਆ ਦੀ ਕਾਲਾਬਾਜ਼ਾਰੀ ਦਾ ਮੁੱਦਾ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ। ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਸਬਸਿਡੀ ਵਾਲੇ ਯੂਰੀਆ ਦੀ ਕਾਲਾਬਾਜ਼ਾਰੀ ਨੂੰ ਰੋਕਣ ਅਤੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਯਮੀਨ ਖਾਨ ਕਾਮੀਵਾਲਾ ਨੇ ਨੌਜਵਾਨਾਂ ਨੂੰ ਕਿਸਾਨੀ ਹੱਕਾਂ ਲਈ ਜਥੇਬੰਦੀ ਨਾਲ ਜੁੜ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿੱਚ ਪੰਜਾਬ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਬੋਸਰ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਪ੍ਰਧਾਨ ਰਣਜੀਤ ਸਿੰਘ ਆਕੜ, ਗੋਬਿੰਦਰ ਸਿੰਘ ਸਰਵਾਰਾ, ਗੁਰਵਿੰਦਰ ਸਿੰਘ ਨੀਲਪੁਰ, ਹਰਜਿੰਦਰ ਸਿੰਘ ਰਾਜਪੁਰਾ, ਬਲਜੀਤ ਸਿੰਘ ਨੀਲਪੁਰ, ਮਲਕੀਅਤ ਸਿੰਘ ਸਰਪੰਚ ਉਕਸੀ, ਮਨਜੀਤ ਸਿੰਘ ਸਾਬਕਾ ਸਰਪੰਚ ਖਲਾਸਪੁਰ, ਮਲਕੀਅਤ ਸਿੰਘ ਬਹਿਰੂ, ਦਲਜੀਤ ਸਿੰਘ ਬਹਿਰੂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।