- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦਾ ਟੁੱਟਿਆ ਖੰਭਾ ਹਾਦਸੇ ਨੂੰ ਦੇ ਰਿਹੈ ਸੱਦਾ

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਗੋਲਡਨ ਪੰਜਾਬ ਵੈਲਫੇਅਰ ਸੁਸਾਇਟੀ ਤੋਂ ਵਿਕਾਸ ਨਗਰ ਵੱਲ ਜਾਂਦੀ ਸੜਕ ’ਤੇ ਗਲੀ ਨੰ. 11 ਕੋਲ ਬਿਜਲੀ ਦੇ ਇਕ ਖੰਭਾ ਦੋ ਟੋਟੇ ਹੋਣ ਕਿਨਾਰੇ ਹੈ। ਭਾਵੇਂ ਕਿ ਬਿਜਲੀ ਮਹਿਕਮੇ ਵੱਲੋਂ ਇਸ ਟੁੱਟੇ ਹੋਏ ਖੰਭੇ ਦੇ ਨਾਲ ਇਕ ਹੋਰ ਖੰਭੇ ਨੂੰ ਤਾਰਾਂ ਨਾਲ ਆਰਜ਼ੀ ਤੌਰ ’ਤੇ ਬੰਨ੍ਹ ਦਿੱਤਾ ਗਿਆ ਹੈ, ਪਰ ਬਿਜਲੀ ਦੀ ਸਪਲਾਈ ਵਾਲੀਆਂ ਤਾਰਾਂ ਟੁੱਟੇ ਹੋਏ ਖੰਭੇ ਨਾਲ ਹੀ ਪਹਿਲਾਂ ਦੀ ਤਰ੍ਹਾਂ ਬੱਝੀਆਂ ਹੋਈਆਂ ਹਨ। ਇਹ ਵਿਚਾਰ ਗੋਲਡਨ ਪੰਜਾਬ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਜੇ ਅਰੋੜਾ ਨੇ ਪ੍ਰਗਟਾਉਂਦਿਆਂ ਅੱਗੇ ਕਿਹਾ ਕਿ ਜੇਈ ਕਈ ਵਾਰ ਆ ਕੇ ਮੌਕਾ ਵੀ ਦੇਖ ਚੁੱਕਾ ਹੈ, ਪਰ ਜਾਪਦਾ ਇਵੇਂ ਹੈ ਕਿ ਮਹਿਕਮਾ ਕਿਸੇ ਅਣਸੁਖਾਵੀਂ ਘਟਨਾ ਦੇ ਇੰਤਜਾਰ ’ਚ ਹੋਵੇ। ਸੁਸਾਇਟੀ ਪ੍ਰਧਾਨ ਸੰਜੇ ਅਰੋੜਾ ਨੇ ਕਿਹਾ ਕਿ ਕਿਸੇ ਸਮੇਂ ਵੀ ਇਸ ਖੰਭੇ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਕਿਉਂਕਿ ਟੁੱਟੇ ਹੋਏ ਇਸੇ ਖੰਭੇ ਤੋਂ ਬਿਜਲੀ ਦੀ ਸਪਲਾਈ ਦੇਣ ਵਾਲੀਆਂ ਤਾਰਾਂ ਬੱਝੀਆਂ ਹੋਈਆਂ ਹਨ। ਉਨ੍ਹਾਂ ਮਹਿਕਮੇ ਪਾਸੋਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਟੁੱਟੇ ਹੋਏ ਖੰਭੇ ਤੋਂ ਬਿਜਲੀ ਦੀਆਂ ਤਾਰਾਂ ਹਟਾ ਕੇ ਨਾਲ ਖੜ੍ਹੇ ਕੀਤੇ ਖੰਭੇ ਨਾਲ ਜੋੜੀਆਂ ਜਾਣ ਤਾਂ ਜੋ ਇੱਥੋਂ ਲੰਘਣ ਵਾਲੇ ਰਾਹਗੀਰ ਬੇਖੌਫ ਸੜਕ ਤੋਂ ਲੰਘ ਸਕਣ ਅਤੇ ਕੋਈ ਘਟਨਾ ਵਾਪਰਨ ਤੋਂ ਟਲ਼ ਸਕੇ। ਇਸ ਮੌਕੇ ਇੰਦਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਸਰਬਜੀਤ ਹਾਜ਼ਰ ਸਨ।