ਨੌਰਾ ਰਿਚਰਡ ਥੀਏਟਰ ਫੈਸਟੀਵਲ ’ਚ ਨਾਟਕ ‘ਤਲਾਕ਼’ ਦੀ ਸ਼ਾਨਦਾਰ ਪੇਸ਼ਕਾਰੀ ਨੌਰਾ ਰਿਚਰਡ ਥੀਏਟਰ ਫੈਸਟੀਵਲ ਵਿੱਚ ਨਾਟਕ ‘ਤਲਾਕ਼’ ਦੀ ਸ਼ਾਨਦਾਰ ਪੇਸ਼ਕਾਰੀ
Publish Date: Fri, 27 Nov 2026 04:52 PM (IST)
Updated Date: Fri, 27 Nov 2026 04:52 PM (IST)
ਫੋਟੋ 27ਪੀਟੀਐਲ: 10: ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਤੇ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਨੌਰਾ ਰਿਚਰਡ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ 12ਵੇਂ ਨੌਰਾ ਰਿਚਰਡ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਕਿਰਪਾਲ ਕਜ਼ਾਕ ਦਾ ਲਿਖਿਆ ਨਾਟਕ ‘ਤਲਾਕ’ ਪੇਸ਼ ਕੀਤਾ ਗਿਆ। ਨਾਟਕ ਦਾ ਨਿਰਦੇਸ਼ਨ ਪੰਜਾਬੀ ਰੰਗਮੰਚ ਅਤੇ ਫ਼ਿਲਮ ਜਗਤ ਦੇ ਪ੍ਰਸਿੱਧ ਕਲਾਕਾਰ ਡਾ. ਲੱਖਾ ਲਹਿਰੀ ਨੇ ਕੀਤਾ। ਕਹਾਣੀ ਅਨਾਥ ਨੌਜਵਾਨ ਗੁਰਿੰਦਰ ਸਿੰਘ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਕਾਲਜ ਦੀ ਸੁੰਦਰ ਤੇ ਅਮੀਰ ਕੁੜੀ ਤ੍ਰਿਖਾ ਨੂੰ ਪਸੰਦ ਕਰਦਾ ਹੈ। ਕਹਾਣੀ ਉਸ ਸਮੇਂ ਨਵਾਂ ਮੋੜ ਲੈਂਦੀ ਹੈ ਜਦੋਂ ਦਿੱਲੀ ਦੇ ਇਕ ਹੋਟਲ ’ਚ ਮਾਲਤੀ ਨਾਂ ਦੀ ਔਰਤ ਦੀ ਜ਼ਿੰਦਗੀ ਦਾ ਦਰਦਨਾਕ ਸੱਚ ਸਾਹਮਣੇ ਆਉਂਦਾ ਹੈ। ਪਤੀ ਪ੍ਰਤੀ ਉਸ ਦਾ ਪਿਆਰ ਅਤੇ ਸਮਰਪਣ ਗੁਰਿੰਦਰ ਦੀ ਸੋਚ ਬਦਲ ਦਿੰਦਾ ਹੈ ਤੇ ਉਹ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਫ਼ੈਸਲਾ ਵਾਪਸ ਲੈ ਲੈਂਦਾ ਹੈ। ਨਾਟਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਅਦਾਕਾਰਾ ਅਰਵਿੰਦਰ ਕੌਰ ਦੀ ਬਹੁਪੱਖੀ ਅਦਾਕਾਰੀ ਰਹੀ, ਜਿਸ ਨੇ ਤਿੰਨ ਵੱਖ-ਵੱਖ ਔਰਤਾਂ ਦੇ ਕਿਰਦਾਰ ਨਿਭਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਵਿਪੁਲ ਅਹੂਜਾ ਨੇ ਗੁਰਿੰਦਰ ਦੇ ਮੁੱਖ ਕਿਰਦਾਰ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਕੁਲਤਾਰਨ ਗਿੱਲ ਨੇ ਵੀ ਦੋ ਪਾਤਰਾਂ ਨੂੰ ਬਾਖੂਬੀ ਨਿਭਾਇਆ, ਜਦਕਿ ਡਾ. ਲੱਖਾ ਲਹਿਰੀ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੀਆਂ ਤਾੜੀਆਂ ਬਟੋਰੀਆਂ। ਸ਼ਬਦੀਸ਼ ਦੇ ਲਿਖੇ ਗੀਤਾਂ ਤੇ ਰਵੀ ਨੰਦਨ ਦੇ ਸੰਗੀਤ ਨੇ ਨਾਟਕ ਦੇ ਪ੍ਰਭਾਵ ਨੂੰ ਹੋਰ ਗਹਿਰਾ ਕੀਤਾ। ਪ੍ਰੀਤ ਕਾਰਖਲ ਦੇ ਰੌਸ਼ਨੀ ਪ੍ਰਭਾਵਾਂ ਨੇ ਮੰਚ ਨੂੰ ਖੂਬਸੂਰਤ ਦ੍ਰਿਸ਼ਾਵਲੀ ਵਿਚ ਬਦਲ ਦਿੱਤਾ। ਇਸ ਮੌਕੇ ਡਾ. ਰੁਬੇਲ ਮੋਹੀ, ਸਰਜਨ ਰਜਿੰਦਰਾ ਹਸਪਤਾਲ ਪਟਿਆਲਾ ਨੇ ਨਾਟਕ ਦੀ ਸ਼ਲਾਘਾ ਕੀਤੀ। ਪੰਜਾਬੀ ਯੂਨੀਵਰਸਿਟੀ ਦੇ ਖਚਾਖਚ ਭਰੇ ਕਲਾ ਭਵਨ ਆਡੀਟੋਰੀਅਮ ’ਚ ਦਰਸ਼ਕਾਂ ਨੇ ਨਾਟਕ ਦਾ ਭਰਪੂਰ ਆਨੰਦ ਮਾਣਿਆ। ਡਾ. ਇੰਦਰਜੀਤ ਕੌਰ ਗੋਲਡੀ ਨੇ ਮੰਚ ਸੰਚਾਲਨ ਕਰਦਿਆਂ ਨੌਰਾ ਰਿਚਰਡ ਦੇ ਰੰਗਮੰਚ ’ਚ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਲੇਖਕ ਕਿਰਪਾਲ ਕਜ਼ਾਕ, ਡਾ. ਧਰਮਜੀਤ, ਡਾ. ਅਮਰਜੀਤ ਮੋਹੀ, ਲਕਸ਼ਮੀ ਨਰਾਇਣ ਭੀਖੀ, ਦਲਜੀਤ ਡਾਲੀ, ਬਲਕਰਨ ਬਰਾੜ ਸਮੇਤ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।