ਬੈਂਚ ਹੇਠੋਂ 7 ਕਿੱਲੋ ਲਾਵਾਰਿਸ ਗਾਂਜਾ ਬਰਾਮਦ ਬੈਂਚ ਹੇਠੋਂ 7 ਕਿੱਲੋ ਲਾਵਾਰਿਸ ਗਾਂਜਾ ਬਰਾਮਦ
Publish Date: Mon, 31 Aug 2026 04:28 PM (IST)
Updated Date: Mon, 31 Aug 2026 04:31 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਰੇਲਵੇ ਸਟੇਸ਼ਨ ਵਿਖੇ ਜੀਆਰਪੀ ਥਾਣਾ ਪਟਿਆਲਾ ਦੀ ਟੀਮ ਵੱਲੋਂ ਚੈਕਿੰਗ ਦੌਰਾਨ ਇਕ ਸੀਮੈਂਟ ਦੇ ਬੈਂਚ ਹੇਠੋਂ 7 ਕਿੱਲੋ ਲਾਵਾਰਿਸ ਗਾਂਜਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜੀਆਰਪੀ ਪੁਲਿਸ ਪਾਰਟੀ ਏਐਸਆਈ ਨਿਰਮਲ ਸਿੰਘ, ਐਸਸੀਟੀ ਯਾਦਵਿੰਦਰ ਸਿੰਘ ਤੇ ਸੀਟੀ ਮੇਹਰ ਸਿੰਘ ਜਦੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਦੀ ਰੋਕਥਾਮ ਲਈ ਰੇਲਵੇ ਸਟੇਸ਼ਨ ਰਾਜਪੁਰਾ ਦੇ ਪਲੇਟਫਾਰਮ ਨੰਬਰ 01 ਦੇ ਪੱਛਮੀ ਸਿਰੇ ’ਤੇ ਮੁਸਾਫ਼ਰਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਚੈਕਿੰਗ ਦੌਰਾਨ ਦੁਪਹਿਰ ਸਮੇਂ ਪਲੇਟਫਾਰਮ ਨੰਬਰ 1 ਤੇ ਬਣੇ ਸੀਮੈਂਟ ਦੇ ਬੈਂਚ ਹੇਠਾਂ ਇੱਕ ਚਿੱਟੇ ਰੰਗ ਦਾ ਪਲਾਸਟਿਕ ਦਾ ਕੱਟਾ ਸ਼ੱਕੀ ਹਾਲਤ ਵਿਚ ਪਿਆ ਦਿਖਾਈ ਦਿੱਤਾ। ਪੁਲਿਸ ਟੀਮ ਵੱਲੋਂ ਕਾਫ਼ੀ ਸਮਾਂ ਨਿਗਰਾਨੀ ਰੱਖਣ ਦੇ ਬਾਵਜੂਦ ਜਦੋਂ ਕੋਈ ਵੀ ਵਿਅਕਤੀ ਉਸ ਬੈਗ ਨੂੰ ਚੁੱਕਣ ਨਾ ਆਇਆ, ਤਾਂ ਆਸ-ਪਾਸ ਮੌਜੂਦ ਮੁਸਾਫ਼ਰਾਂ ਕੋਲੋਂ ਪੁੱਛਗਿੱਛ ਕੀਤੀ ਗਈ। ਜਦੋਂ ਕਿਸੇ ਨੇ ਵੀ ਉਸ ਬੈਗ ਦਾ ਮਾਲਕ ਹੋਣ ਦੀ ਪੁਸ਼ਟੀ ਨਾ ਕੀਤੀ, ਤਾਂ ਪੁਲਿਸ ਟੀਮ ਨੇ ਗਵਾਹਾਂ ਦੀ ਹਾਜ਼ਰੀ ਵਿਚ ਬੈਗ ਦੀ ਤਲਾਸ਼ੀ ਲਈ। ਤਲਾਸ਼ੀ ਲੈਣ ’ਤੇ ਕੱਟੇ ਦੇ ਅੰਦਰੋਂ ਨੀਲੇ ਰੰਗ ਦੇ ਮੋਮੀ ਲਿਫ਼ਾਫ਼ੇ ਵਿਚ ਪਾਇਆ ਹੋਇਆ ਨਸ਼ੀਲਾ ਪਦਾਰਥ (ਗਾਂਜਾ) ਬਰਾਮਦ ਹੋਇਆ। ਕੰਪਿਊਟਰ ਕੰਡੇ ’ਤੇ ਵਜ਼ਨ ਕਰਨ ’ਤੇ ਕੁੱਲ 7 ਕਿੱਲੋ ਗਾਂਜਾ ਪਾਇਆ ਗਿਆ। ਪੁਲਿਸ ਅਧਿਕਾਰੀਆਂ ਨੇ ਗਾਂਜੇ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਖੇਪ ਕਿਸ ਵੱਲੋਂ ਰੱਖੀ ਗਈ ਸੀ ਅਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ।