- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ 532ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਰਾਕੇਸ਼ ਸ਼ਰਮਾ, ਪੰਜਾਬੀ ਜਾਗਰਣ, ਭੁਨਰਹੇੜੀ : ਹਲਕਾ ਸਨੌਰ ਦੇ ਪਿੰਡ ਸ੍ਰੀਨਗਰ, ਕਾਠਗੜ੍ਹ ਤੇ ਖਾਕਟਾਂ ਦੇ ਪਿੰਡਾਂ ਵਿਚਾਲੇ ਇਤਿਹਾਸਕ ਸਥਾਨ ਤੇ ਉਦਾਸੀਨ ਆਚਾਰਯ ਜਗਤਗੁਰੂ ਸ੍ਰੀ ਸ੍ਰੀ ਚੰਦਰ ਭਗਵਾਨ ਜੀ, ਜਿਨ੍ਹਾਂ ਨੂੰ ਸੰਗਤਾਂ ਵੱਲੋਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਨਾਮ ਨਾਲ ਵੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ, ਦਾ 532ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ’ਚ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ ਸੰਗਤ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪਿੰਡ ਸ੍ਰੀ ਨਗਰ ਉਰਫ ਬੁਡਣਪੁਰ ਦੁੱਧਧਾਰੀ ਟਿੱਲੇ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਸ਼ੀਤਲ ਦਾਸ ਜੀ ਨੇ ਕਿਹਾ ਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਜੀਵਨ ਸਾਦਗੀ, ਸਿਮਰਨ, ਤਿਆਗ ਅਤੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਾਬਾ ਸ੍ਰੀ ਚੰਦ ਜੀ ਮਹਾਰਾਜ ਨਾਲ ਸਬੰਧਤ ਅਨੇਕਾਂ ਧਾਰਮਿਕ ਅਸਥਾਨ ਹਨ, ਜਿੱਥੇ ਹਰ ਸਾਲ ਸੰਗਤਾਂ ਵੱਲੋਂ ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ ਜੀਵਨ ਲੋਕਾਈ ਨੂੰ ਅਧਿਆਤਮਿਕਤਾ ਦੇ ਨਾਲ-ਨਾਲ ਪਰਉਪਕਾਰ, ਸੇਵਾ, ਸੰਜਮ ਅਤੇ ਸਦਾਚਾਰ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਵਿੱਚ ਮਨੁੱਖਤਾ ਦੀ ਭਲਾਈ ਅਤੇ ਸਾਰਿਆਂ ਪ੍ਰਤੀ ਪਿਆਰ ਤੇ ਸਤਿਕਾਰ ਦਾ ਸੰਦੇਸ਼ ਪ੍ਰਮੁੱਖ ਹੈ। ਸਮਾਗਮ ਦੌਰਾਨ ਸਰਬੱਤ ਦੇ ਭਲੇ, ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਸਮਾਜ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਉਪਰੰਤ ਸੰਗਤਾਂ ਲਈ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਡੇਰਾ ਬਾਬਾ ਬ੍ਰਹਮ ਦਾਸ ਜੀ, ਬਾਬਾ ਮਸਤ ਦਾਸ ਜੀ, ਮਹੰਤ ਬਾਬਾ ਸ਼ੀਤਲ ਦਾਸ ਜੀ, ਮਹੰਤ ਬਾਬਾ ਸ਼ਰਵਣ ਦਾਸ ਜੀ, ਸੰਤ ਰੋਮੀ ਦਾਸ ਜੀ, ਮਹੰਤ ਰੋਮੀ ਦਾਸ ਜੀ ਅਤੇ ਸ੍ਰੀ ਨਰਮਦੇਸ਼ਵਰ ਮਹਾਦੇਵ ਮੰਦਰ, ਹਰਿਹਰ ਕੁਟੀਆ, ਪਟਿਆਲਾ ਨਾਲ ਸਬੰਧਤ ਸੇਵਾਦਾਰਾਂ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।