- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਪਟਿਆਲਾ ਦੀਆਂ 30 ਵਾਰਡਾਂ ਵਿੱਚ ਅੱਜ ਹੋਈਆਂ ਮੁੜ ਚੋਣਾਂ ਦਾ ਸਮੁੱਚਾ ਅਮਲ ਨਿਬੜਨ ਮਗਰੋਂ ਵੋਟਿੰਗ ਮਸ਼ੀਨਾਂ (EVMs) ਨੂੰ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਅਤ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ।

ਸੀਨੀਅਰ ਰਿਪੋਰਟਰ,ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਪਟਿਆਲਾ ਦੀਆਂ 30 ਵਾਰਡਾਂ ਵਿੱਚ ਅੱਜ ਹੋਈਆਂ ਮੁੜ ਚੋਣਾਂ ਦਾ ਸਮੁੱਚਾ ਅਮਲ ਨਿਬੜਨ ਮਗਰੋਂ ਵੋਟਿੰਗ ਮਸ਼ੀਨਾਂ (EVMs) ਨੂੰ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਅਤ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਚੋਣ ਅਮਲ ਮੁਕੰਮਲ ਹੋਣ ਉਪਰੰਤ ਈ.ਵੀ.ਐਮ. ਮਸ਼ੀਨਾਂ ਨੂੰ ਢੁਕਵੇਂ ਸੀਲਿੰਗ ਅਮਲ ਮਗਰੋਂ ਸੁਰੱਖਿਅਤ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 1, 4, 6, 12, 14, 15, 16, 22, 26, 28, 32, 33, 34, 36 ਅਤੇ 37 ਦੀਆਂ ਵੋਟਿੰਗ ਮਸ਼ੀਨਾਂ ਸਰਕਾਰੀ ਆਈ.ਟੀ.ਆਈ., ਨਾਭਾ ਰੋਡ, ਪਟਿਆਲਾ ਵਿਖੇ ਸੁਰੱਖਿਅਤ ਰੱਖੀਆਂ ਗਈਆਂ ਹਨ, ਜਦਕਿ ਵਾਰਡ ਨੰਬਰ 38, 40, 41, 43, 44, 45, 46, 48, 50, 51, 52, 53, 55, 57 ਅਤੇ 58 ਦੀਆਂ ਮਸ਼ੀਨਾਂ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਮੁੱਖ ਹਾਲ ਵਿਖੇ ਰੱਖੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਦੌਰਾਨ ਪੋਲਿੰਗ ਅਮਲ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਮਿਲੀ। ਸਾਰੇ ਪੋਲਿੰਗ ਸਟੇਸ਼ਨਾਂ ਦੀ ਵੀਡੀਓਗ੍ਰਾਫੀ ਕਰਵਾਈ ਗਈ ਅਤੇ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਗਏ। ਚੋਣ ਅਮਲ ਦੀ ਨਿਗਰਾਨੀ ਮਾਣਯੋਗ ਹਾਈ ਕੋਰਟ ਵੱਲੋਂ ਗਠਿਤ ਮਾਨੀਟਰਿੰਗ ਕਮੇਟੀ, ਜਿਸ ਦੀ ਅਗਵਾਈ ਮਾਣਯੋਗ ਜਸਟਿਸ ਰਾਜੀਵ ਸ਼ਰਮਾ (ਸੇਵਾਮੁਕਤ) ਕਰ ਰਹੇ ਹਨ, ਵੱਲੋਂ ਵੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੀਆਂ 30 ਵਾਰਡਾਂ ਦੀਆਂ ਮੁੜ ਚੋਣਾਂ ਵਿੱਚ 43 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਤਰੀਕ ਰਾਜ ਚੋਣ ਕਮਿਸ਼ਨ ਵੱਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਤੋਂ ਮਨਜ਼ੂਰੀ ਪ੍ਰਾਪਤ ਹੋਣ ਉਪਰੰਤ ਹੀ ਐਲਾਨੀ ਜਾਵੇਗੀ।