ਕੌਮੀ ਲੋਕ ਅਦਾਲਤ ਵਿੱਚ 4070 ਕੇਸਾਂ ਦਾ ਨਿਪਟਾਰਾ ਕੌਮੀ ਲੋਕ ਅਦਾਲਤ ਵਿੱਚ 4070 ਕੇਸਾਂ ਦਾ ਨਿਪਟਾਰਾ
Publish Date: Sun, 13 Sep 2026 03:41 PM (IST)
Updated Date: Mon, 14 Sep 2026 04:02 AM (IST)
ਸੱਤਪਾਲ ਕਾਲਾਬੂਲਾ/ਜਸਪਾਲ ਲਾਡੇਵਾਲ, ਮਾਲੇਰਕੋਟਲਾ : ਜ਼ਿਲ੍ਹਾ ਕਚਹਿਰੀਆਂ ਮਾਲੇਰਕੋਟਲਾ ਵਿੱਚ ਲਾਈ ਗਈ ਕੌਮੀ ਲੋਕ ਅਦਾਲਤ ਦੌਰਾਨ ਕੁੱਲ 8095 ਕੇਸਾਂ ਵਿੱਚੋਂ 4070 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ । ਇਨ੍ਹਾਂ ਮਾਮਲਿਆਂ ਵਿੱਚ 18,28,30,002 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਕੌਮੀ ਲੋਕ ਅਦਾਲਤ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਦੀਪਕ ਸਿਬਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਲੇਰਕੋਟਲਾ ਅਰੁਣ ਗੁਪਤਾ ਦੀ ਪ੍ਰਧਾਨਗੀ ਹੇਠ ਲਾਈ ਗਈ। ਸਕੱਤਰ ਅਸ਼ੀਸ਼ ਠਠਈ ਨੇ ਇਸ ਦੀ ਦੇਖ-ਰੇਖ ਕੀਤੀ। ਕੇਸਾਂ ਦੇ ਨਿਪਟਾਰੇ ਲਈ ਚਾਰ ਲੋਕ ਅਦਾਲਤ ਬੈਂਚ ਬਣਾਏ ਗਏ ਸਨ। ਇਨ੍ਹਾਂ ਵਿੱਚ ਅਦਾਲਤਾਂ ਵਿੱਚ ਲੰਬਿਤ ਕੇਸਾਂ ਤੋਂ ਇਲਾਵਾ ਪ੍ਰੀ-ਲਿਟੀਗੇਟਿਵ ਮਾਮਲੇ ਵੀ ਵਿਚਾਰੇ ਗਏ। ਸਮਝੌਤਾਯੋਗ ਫ਼ੌਜਦਾਰੀ ਮਾਮਲੇ, ਚੈੱਕ ਬਾਊਂਸ, ਪੈਸਿਆਂ ਦੀ ਵਸੂਲੀ, ਮੋਟਰ ਹਾਦਸਾ ਕਲੇਮ, ਵਿਆਹ ਸਬੰਧੀ ਵਿਵਾਦ, ਬਿਜਲੀ-ਪਾਣੀ ਦੇ ਬਿੱਲ, ਮਾਲੀਆ ਅਤੇ ਹੋਰ ਦੀਵਾਨੀ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। ਲੋਕ ਅਦਾਲਤ ਬੈਂਚਾਂ ਦੀ ਪ੍ਰਧਾਨਗੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਤੇਜਿੰਦਰਪ੍ਰੀਤ ਕੌਰ, ਸਿਵਲ ਜੱਜ (ਜੂਨੀਅਰ ਡਵੀਜ਼ਨ) ਵਿਸ਼ਵ ਗੁਪਤਾ ਅਤੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਕਾਜਲ ਨੇ ਕੀਤੀ। ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣ ਗੁਪਤਾ ਨੇ ਕਿਹਾ ਕਿ ਲੋਕ ਅਦਾਲਤਾਂ ਵਿੱਚ ਲੋਕਾਂ ਦੀ ਵਧ ਰਹੀ ਸ਼ਮੂਲੀਅਤ ਆਪਸੀ ਸਹਿਮਤੀ ਨਾਲ ਵਿਵਾਦਾਂ ਦੇ ਨਿਪਟਾਰੇ ਪ੍ਰਤੀ ਵਧ ਰਹੀ ਜਾਗਰੂਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਅਦਾ ਕੀਤੀ ਕੋਰਟ ਫੀਸ ਵਾਪਸ ਹੋ ਜਾਂਦੀ ਹੈ ਅਤੇ ਧਿਰਾਂ ਦੇ ਸਮੇਂ ਤੇ ਧਨ ਦੀ ਬੱਚਤ ਹੁੰਦੀ ਹੈ। ਇਸ ਨਾਲ ਆਪਸੀ ਕੁੜੱਤਣ ਵੀ ਘਟਦੀ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦਾ ਫ਼ੈਸਲਾ ਅੰਤਿਮ ਹੁੰਦਾ ਹੈ ਅਤੇ ਇਸ ਖ਼ਿਲਾਫ਼ ਅੱਗੇ ਅਪੀਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੇਤੀ, ਸੁਖਾਲੇ ਅਤੇ ਘੱਟ ਖਰਚੇ ਵਿੱਚ ਨਿਆਂ ਪ੍ਰਾਪਤ ਕਰਨ ਲਈ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।