ਤੂੜੀ ਵੇਚ ਕੇ ਆਏ 2 ਨੌਜਵਾਨ ਕੁੱਟੇ ਤੇ ਲੁੱਟੇ
ਤੂੜੀ ਵੇਚ ਕੇ ਆਏ ਦੋ ਨੌਜਵਾਨਾਂ ਤੋਂ 35 ਹਜਾਰ ਲੁੱਟੇ
Publish Date: Sun, 18 Jan 2026 05:05 PM (IST)
Updated Date: Mon, 19 Jan 2026 04:06 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਪਿੰਡ ਗਾਗਾ ਤੇ ਸੰਗਤਪੁਰਾ ਦੀ ਹੱਦ ਉੱਤੇ ਲੰਘੀ ਰਾਤ ਇਕ ਲੁੱਟ ਦੀ ਵਾਰਦਾਤ ਵਾਪਰੀ ਹੈ। ਲੁਟੇਰਿਆਂ ਨੇ 2 ਨੌਜਵਾਨਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਕੋਲੋਂ ਲਗਭਗ 35 ਹਜ਼ਾਰ ਰੁਪਏ ਤੇ ਕੁਝ ਦਸਤਾਵੇਜ਼ ਵੀ ਲੁੱਟ ਲਏ। ਇਸ ਲੁੱਟ-ਖੋਹ ਤੇ ਕੁੱਟਮਾਰ ਦੀ ਘਟਨਾ ਨੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੀੜਤ ਨੌਜਵਾਨਾਂ ਵਿੱਚੋਂ ਇਕ ਤਰਨਦੀਪ ਸਿੰਘ ਤੇ ਉਸਦਾ ਸਾਥੀ ਲੱਛੂ ਲਹਿਰਾਗਾਗਾ ਵਿਖੇ ਤੂੜੀ ਦੇ ਟਰੱਕ ਵੇਚ ਕੇ ਆਪਣੀ ਰਕਮ ਲੈ ਕੇ ਪਿੰਡ ਸੰਗਤਪੁਰਾ ਵਾਪਸ ਜਾ ਰਹੇ ਸਨ। ਜਦੋਂ ਉਹ ਪਿੰਡ ਗਾਗਾ ਤੇ ਸੰਗਤਪੁਰਾ ਵਿਚਕਾਰ ਬਣੇ ਗੇਟ ਦੇ ਨੇੜੇ ਪਹੁੰਚੇ ਤਾਂ ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ’ਤੇ ਇੱਟਾ ਤੇ ਵੱਟਿਆਂ ਨਾਲ ਹਮਲਾ ਕੀਤਾ। ਤਰਨਦੀਪ ਸਿੰਘ ਨੂੰ ਰਾਡ ਨਾਲ ਜ਼ਖ਼ਮੀ ਕੀਤਾ ਗਿਆ। ਲੁਟੇਰੇ ਤਰਨਦੀਪ ਕੋਲੋਂ ਲਗਭਗ 5 ਹਜ਼ਾਰ ਰੁਪਏ ਤੇ ਸਾਥੀ ਗੁਰਪਿਆਰ ਸਿੰਘ ਪੁੱਤਰ ਜਗਵਿੰਦਰ ਸਿੰਘ ਕੋਲੋਂ 28 ਤੋ 30 ਹਜ਼ਾਰ ਰੁਪਏ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਤਰਨਦੀਪ ਸਿੰਘ ਨੂੰ ਤੁਰੰਤ ਸੰਗਰੂਰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਤੁਰੰਤ ਕੇਸ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ : ਡੀਐੱਸਪੀ ਲਹਿਰਾ ਡੀਐੱਸਪੀ ਲਹਿਰਾ ਰਣਬੀਰ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ। ਅਸੀਂ ਬਹੁਤ ਜਲਦੀ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਬੰਦ ਕਰ ਦੇਵਾਂਗੇ। ਖ਼ਬਰ ਲਿਖੇ ਜਾਣ ਤੱਕ ਲੁਟੇਰਿਆਂ ਦਾ ਕੋਈ ਥਾਂ ਪਤਾ ਠਿਕਾਣਾ ਨਹੀਂ ਲੱਗ ਸਕਿਆ।