253 ਅਧਿਆਪਕਾ ਵੱਲੋਂ ਰੋਸ ਪ੍ਰਦਰਸ਼ਨ, ਨਾਅਰੇਬਾਜੀ ਕੀਤੀ 253 ਅਧਿਆਪਕਾ ਵੱਲੋਂ ਰੋਸ ਪ੍ਰਦਰਸ਼ਨ, ਨਾਅਰੇਬਾਜੀ ਕੀਤੀ
Publish Date: Wed, 18 Nov 2026 06:08 PM (IST)
Updated Date: Wed, 18 Nov 2026 06:09 PM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਵਿੱਚ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਅੱਗੇ ਪੱਕਾ ਮੋਰਚਾ ਲਾਈ ਬੈਠੇ 253 ਅਧਿਆਪਕਾਂ ਨੇ ਵੀਰਵਾਰ ਨੂੰ ਜੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜੀ ਕੀਤੀ। ਇਸ ਮੌਕੇ 253 ਅਧਿਆਪਕਾਂ ਦੇ ਆਗੂ ਬਲਕਾਰ ਸਿੰਘ ਮੰਗਾਣੀਆਂ ਅਤੇ ਬਲਵਿੰਦਰ ਸਿੰਘ ਉਗਰਾਹਾ ਨੇ ਦੱਸਿਆ ਕਿ ਇਹ 253 ਅਧਿਆਪਕ ਜਿਨਾਂ ਨੂੰ 6 ਮਈ 2026 ਨੂੰ ਨੌਕਰੀ ਤੋਂ ਬਾਹਰ ਕੱਢਣ ਲਈ ਸ਼ੋ ਕਾਜ ਨੋਟਿਸ ਜਾਰੀ ਹੋਏ ਸਨ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਅਧਿਆਪਕ ਇਨਸਾਫ ਦੀ ਮੰਗ ਕਰ ਰਹੇ ਹਨ। ਪਰ ਹੁਣ ਤੱਕ ਸਰਕਾਰ ਨੇ ਇਹਨਾਂ ਨੂੰ ਇਨਸਾਫ ਦੇਣ ਦੀ ਬਜਾਏ 28 ਅਕਤੂਬਰ 2026 ਨੂੰ ਇਹਨਾਂ ਦੇ ਹੱਥਾਂ ’ਚ ਟਰਮੀਨੇਸ਼ਨ ਆਰਡਰ ਦੇ ਦਿੱਤੇ ਹਨ। ਆਗੂ ਹਰਪਾਲ ਸਿੰਘ ਨੇ ਦੱਸਿਆ ਕਿ ਇਹਨਾਂ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ। ਪੰਜਾਬ ਸਰਕਾਰ ਨੇ ਆਪਣੀਆਂ ਗਲਤੀਆਂ ਅਤੇ ਸਿੱਖਿਆ ਵਿਭਾਗ ਨੇ ਆਪਣੀਆਂ ਦਫਤਰੀ ਗਲਤੀਆਂ ਲੁਕਾਉਣ ਦੇ ਲਈ ਇਹਨਾਂ 253 ਅਧਿਆਪਕਾਂ ਦੀ ਬਲੀ ਦੇ ਦਿੱਤੀ ਹੈ। 253 ਅਧਿਆਪਕਾਂ ਦੇ ਮਾਮਲੇ ਦੇ ਸਬੰਧੀ ਚੱਲ ਰਿਹਾ ਕੋਰਟ ਕੇਸ ਜਿਸ ਵਿੱਚ ਅਦਾਲਤ ਨੇ ਇਹ ਪੱਖ ਰੱਖਿਆ ਹੈ ਕਿ ਅਸੀਂ ਇਹਨਾਂ ਅਧਿਆਪਕਾਂ ਨੂੰ ਦੁਬਾਰਾ ਨੌਕਰੀ ਤੇ ਰੱਖਣ ਵਾਲੇ ਗੰਭੀਰ ਵਿਚਾਰ ਚਰਚਾ ਕਰ ਰਹੇ ਹਾਂ, ਪਰ ਸਾਨੂੰ ਸਮਾਂ ਦਿੱਤਾ ਜਾਵੇ। ਉਸ ਸਮੇਂ ਦੌਰਾਨ ਸਰਕਾਰ ਇਹਨਾਂ ਦੇ ਪੱਖ ਵਿੱਚ ਕੀ ਲੈ ਕੇ ਆਉਂਦੀ ਹੈ ਇਹ ਭਵਿੱਖ ਦਾ ਮਸਲਾ ਹੈ। ਪਰ ਇਨਾਂ 253 ਅਧਿਆਪਕਾਂ ਦਾ ਇਹ ਐਲਾਨ ਹੈ ਕਿ ਇਹ ਅਧਿਆਪਕ ਉਦੋਂ ਤੱਕ ਸੰਘਰਸ਼ ਦੇ ਵਿੱਚ ਡਟੇ ਰਹਿਣਗੇ ਜਦੋਂ ਤੱਕ ਇਹਨਾਂ ਅਧਿਆਪਕਾਂ ਦਾ ਕੋਈ ਪੱਕਾ ਹੱਲ ਨਹੀਂ ਹੋ ਜਾਂਦਾ। ਗਜ਼ਲਪ੍ਰੀਤ ਕੌਰ ਅਤੇ ਸੰਗੀਤਾ ਰਾਣੀ ਨੇ ਦੱਸਿਆ ਕਿ ਇਹ ਅਧਿਆਪਕ 15 ਨਵੰਬਰ 2026 ਤੋਂ ਲਗਾਤਾਰ ਸੰਗਰੂਰ ਵਿਖੇ ਸੰਘਰਸ਼ ਦੇ ਵਿੱਚ ਡਟੇ ਹੋਏ ਹਨ। ਸੰਗਰੂਰ ਵਿਖੇ ਚੱਲ ਰਹੇ ਸਾਂਝੀ ਤਾਲਮੇਲ ਕਮੇਟੀ ਦੇ ਵਿੱਤੀ ਮੰਗਾਂ ਨੂੰ ਲੈ ਕੇ ਪੱਕੇ ਮੋਰਚੇ ਤੋਂ ਸਮੂਹ ਮੁਲਾਜ਼ਮ ਜਥੇਬੰਦੀਆਂ ਨਾਲ ਆਪਣੇ ਮਸਲੇ ਸਬੰਧੀ ਤਾਲਮੇਲ ਬਣਾਇਆ ਅਤੇ ਸਾਰੀਆਂ ਸਮੂਹਿਕ ਜਥੇਬੰਦੀਆਂ ਵੱਲੋਂ ਇਹਨਾਂ ਅਧਿਆਪਕਾਂ ਦਾ ਸਾਥ ਦੇਣ ਦੀ ਪੂਰਨ ਹਮਾਇਤ ਕੀਤੀ ਗਈ ਹੈ। ਜੇਕਰ ਸਰਕਾਰ ਜਲਦੀ ਇਹਨਾਂ ਅਧਿਆਪਕਾਂ ਦਾ ਕੋਈ ਪੱਕਾ ਹੱਲ ਨਹੀਂ ਕਰਦੀ ਤਾਂ ਇਨਾ ਅਧਿਆਪਕਾਂ ਵੱਲੋਂ ਸਮੁੱਚੀਆਂ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਪ੍ਰਦਰਸ਼ਨ ਉਲੀਕਿਆ ਜਾਵੇਗਾ। ਡੈਮੋਕਰੇਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਦੱਸਿਆ ਕਿ ਇਹ 253 ਅਧਿਆਪਕਾਂ ਦੀ ਸਥਿਤੀ ਹੁਣ ਕਰੋ ਜਾਂ ਮਰੋ ਵਾਲੀ ਹੈ, ਤੇ ਇਸ ਸਥਿਤੀ ਨੂੰ ਸਮਝਦੇ ਆ ਇਹ ਅਧਿਆਪਕ ਡਟ ਕੇ ਲੜ ਰਹੇ ਹਨ। ਇਸ ਮੌਕੇ ਹਰਪ੍ਰੀਤ ਸਿੰਘ, ਸਤਪਾਲ ਸਿੰਘ ਸੇਖਾ, ਸਰਬਜੀਤ ਸਿੰਘ, ਪ੍ਰਗਟ ਸਿੰਘ, ਮਨਪ੍ਰੀਤ ਕੌਰ, ਗੁਰਦੀਪ ਸਿੰਘ, ਜਸਵਿੰਦਰ ਕੌਰ ਮੌਜੂਦ ਸਨ।