ਟੁੱਟੀਆਂ ਸੜਕਾਂ ਤੇ ਸਫ਼ਾਈ ਲਈ 24x7 ਵਟਸਐਪ ਹੈਲਪਲਾਈਨ ਜਾਰੀ ਟੁੱਟੀਆਂ ਸੜਕਾਂ ਤੇ ਸਫ਼ਾਈ ਲਈ 24x7 ਵਟਸਐਪ ਹੈਲਪਲਾਈਨ ਜਾਰੀ
Publish Date: Thu, 17 Sep 2026 06:23 PM (IST)
Updated Date: Fri, 18 Sep 2026 04:09 AM (IST)
ਫੋਟੋ 17ਪੀਟੀਐਲ: 25: ਪੱਤਰ ਪ੍ਰੇਕਰ, ਪੰਜਾਬੀ ਜਾਗਰਣ ਪਟਿਆਲਾ : ਸ਼ਹਿਰ ਵਿੱਚ ਟੁੱਟੀਆਂ ਸੜਕਾਂ, ਸਫ਼ਾਈ ਦੀ ਘਾਟ, ਬਰਸਾਤ ਤੋਂ ਬਾਅਦ ਪਾਣੀ ਖੜ੍ਹਨ ਅਤੇ ਖਾਲੀ ਪਲਾਟਾਂ ਵਿੱਚ ਕੂੜਾ-ਕਰਕਟ ਸੁੱਟੇ ਜਾਣ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24x7 ਵਟਸਐਪ ਹੈਲਪਲਾਈਨ ਨੰਬਰ 95920-03366 ਜਾਰੀ ਕੀਤਾ ਗਿਆ ਹੈ। ਲੋਕ ਇਸ ਨੰਬਰ ’ਤੇ ਸਬੰਧਤ ਸਥਾਨ ਦੀ ਲੋਕੇਸ਼ਨ ਅਤੇ ਫੋਟੋਆਂ ਭੇਜ ਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਸ਼ਿਕਾਇਤਾਂ ਦੀ ਨਿਗਰਾਨੀ ਅਤੇ ਨਿਪਟਾਰੇ ਲਈ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਹ ਜਾਣਕਾਰੀ ਨਗਰ ਨਿਗਮ ਅਤੇ ਪਟਿਆਲਾ ਡਿਵੈਲਪਮੈਂਟ ਅਥਾਰਟੀ ਨਾਲ ਸਬੰਧਤ ਸਫ਼ਾਈ ਤੇ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਨਗਰ ਨਿਗਮ ਨੂੰ ਸ਼ਹਿਰ ਵਿੱਚ ਕੂੜਾ ਸੁੱਟੇ ਜਾਣ ਵਾਲੇ ਪਛਾਣੇ ਗਏ 172 ਪ੍ਰਮੁੱਖ ਸਥਾਨਾਂ ਨੂੰ ਘਟਾਉਣ ਲਈ ਯਤਨ ਤੇਜ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲੇ ਰੈਸਟੋਰੈਂਟਾਂ, ਢਾਬਿਆਂ ਅਤੇ ਹੋਰ ਵਪਾਰਕ ਅਦਾਰਿਆਂ ਵਿਰੁੱਧ ਨਿਯਮਾਂ ਅਨੁਸਾਰ ਜੁਰਮਾਨੇ ਕੀਤੇ ਜਾਣ ਅਤੇ ਇਨਫੋਰਸਮੈਂਟ ਪ੍ਰਭਾਵਸ਼ਾਲੀ ਬਣਾਈ ਜਾਵੇ। ਡਾ. ਅਗਰਵਾਲ ਨੇ ਕਿਹਾ ਕਿ ਖਾਲੀ ਪਲਾਟਾਂ ਵਿੱਚ ਗੰਦਗੀ, ਕੂੜਾ ਅਤੇ ਪਾਣੀ ਖੜ੍ਹਨ ਸਬੰਧੀ ਸ਼ਿਕਾਇਤਾਂ ਵੀ ਹੈਲਪਲਾਈਨ ’ਤੇ ਭੇਜੀਆਂ ਜਾ ਸਕਦੀਆਂ ਹਨ। ਸਫ਼ਾਈ ਨਾ ਕਰਵਾਉਣ ਵਾਲੇ ਪਲਾਟ ਮਾਲਕਾਂ ਤੋਂ ਨਿਯਮਾਂ ਅਨੁਸਾਰ ਜੁਰਮਾਨੇ ਦੇ ਨਾਲ ਸਫ਼ਾਈ ਦਾ ਖਰਚਾ ਵੀ ਵਸੂਲਿਆ ਜਾਵੇਗਾ। ਭੁਗਤਾਨ ਨਾ ਹੋਣ ਦੀ ਸੂਰਤ ਵਿੱਚ ਜਮ੍ਹਾਂਬੰਦੀ ਵਿੱਚ ਐਂਟਰੀ ਦਰਜ ਕੀਤੀ ਜਾਵੇਗੀ ਅਤੇ ਇਹ ਕਾਰਵਾਈ 21 ਸਤੰਬਰ ਤੋਂ ਸ਼ੁਰੂ ਹੋਵੇਗੀ। ਮੀਟਿੰਗ ਦੌਰਾਨ ਵੱਡੀ ਮਾਤਰਾ ਵਿੱਚ ਕੂੜਾ ਸੁੱਟੇ ਜਾਣ ਵਾਲੀਆਂ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ, ਰਾਤ ਸਮੇਂ ਕੂੜਾ ਚੁੱਕਣ, ਘਰ-ਘਰ ਕੂੜਾ ਇਕੱਠਾ ਕਰਨ ਅਤੇ ਬਾਇਓ-ਮਾਈਨਿੰਗ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ। ਅਬਲੋਵਾਲ ਡੇਅਰੀ ਪ੍ਰੋਜੈਕਟ ਦੀ ਰਹਿੰਦੀ ਸੜਕ ਦਾ ਨਿਰਮਾਣ 30 ਸਤੰਬਰ ਤੱਕ ਮੁਕੰਮਲ ਕਰਨ ਅਤੇ ਸ਼ਹਿਰ ਦੀਆਂ ਡੇਅਰੀਆਂ ਨੂੰ ਇੱਥੇ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਗਊ ਸੈੱਸ ਦੀ ਵਸੂਲੀ, ਮੱਛੀ ਮੰਡੀ ਪ੍ਰੋਜੈਕਟ, ਰਾਜਿੰਦਰਾ ਝੀਲ ਦੇ ਸੁੰਦਰੀਕਰਨ, ਪਾਰਕਾਂ, ਸਟ੍ਰੀਟ ਲਾਈਟਾਂ ਅਤੇ ਆਵਾਜਾਈ ਪ੍ਰਬੰਧਨ ਦੀ ਵੀ ਸਮੀਖਿਆ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਾਰੇ ਵਿਕਾਸ ਅਤੇ ਸਫ਼ਾਈ ਕਾਰਜ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਹਦਾਇਤ ਕੀਤੀ।