ਪੀਅਰ ਰਿਵਿਊਡ ਰਿਸਰਚ ਜਰਨਲ ‘ਖੋਜ ਪੰਧ’ ਦਾ 13ਵਾਂ ਸਾਲਾਨਾ ਅੰਕ ਰਿਲੀਜ਼ ਪੀਅਰ ਰਿਵਿਊਡ ਰਿਸਰਚ ਜਰਨਲ ‘ਖੋਜ ਪੰਧ’ ਦਾ 13ਵਾਂ ਸਾਲਾਨਾ ਅੰਕ ਰਿਲੀਜ਼
Publish Date: Wed, 26 Aug 2026 04:45 PM (IST)
Updated Date: Wed, 26 Aug 2026 04:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਵੱਲੋਂ ਆਪਣੀ ਅਕਾਦਮਿਕ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਅੱਜ ਆਪਣੇ ਪੀਅਰ ਰਿਵਿਊਡ ਰਿਸਰਚ ਜਰਨਲ ‘ਖੋਜ ਪੰਧ’ ਦਾ 13ਵਾਂ ਸਾਲਾਨਾ ਅੰਕ ਰਿਲੀਜ਼ ਕੀਤਾ ਗਿਆ। ਇਸ ਵਾਰ ਦਾ ਵਿਸ਼ੇਸ਼ ਅੰਕ ‘ਪ੍ਰਵਾਸੀ ਪੰਜਾਬੀ ਸਾਹਿਤ’ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਦਾ ਮਕਸਦ ਵਿਸ਼ਵ ਪੱਧਰ ’ਤੇ ਫੈਲੇ ਪੰਜਾਬੀ ਸਾਹਿਤ ਦੇ ਅਕਾਦਮਿਕ ਮਹੱਤਵ ਨੂੰ ਖੋਜ ਦ੍ਰਿਸ਼ਟੀ ਤੋਂ ਸਾਹਮਣੇ ਲਿਆਉਣਾ ਹੈ। ਸਾਲ 2015 ਵਿੱਚ ਸ਼ੁਰੂ ਹੋਇਆ ਇਹ ਖੋਜ ਜਰਨਲ ਆਪਣੇ 13ਵੇਂ ਅੰਕ ਤੱਕ ਦਾ ਸਫ਼ਰ ਬੇਹੱਦ ਮਾਣਮੱਤਾ ਅਤੇ ਸ਼ਾਨਦਾਰ ਤਰੀਕੇ ਨਾਲ ਪੂਰਾ ਕਰ ਚੁੱਕਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਜਰਨਲ ਦੇ ਸਫ਼ਰ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਰਨਲ ਲਗਾਤਾਰ ਆਪਣੀ ਉੱਚ ਗੁਣਵੱਤਾ ਅਤੇ ਖੋਜ ਅਧਾਰਿਤ ਪਹੁੰਚ ਨੂੰ ਕਾਇਮ ਰੱਖਦਿਆਂ ਅੱਗੇ ਵੱਧ ਰਿਹਾ ਹੈ। ਡਾ. ਉਭਾ ਨੇ ਦੱਸਿਆ ਕਿ ਸਾਲਾਨਾ ਅੰਕਾਂ ਦੇ ਨਾਲ-ਨਾਲ ਸਮੇਂ-ਸਮੇਂ ’ਤੇ ਵੱਖ-ਵੱਖ ਵਿਸ਼ਿਆਂ ’ਤੇ ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਰਹੇ ਹਨ। ਇਸ ਵਾਰ ਪ੍ਰਵਾਸੀ ਪੰਜਾਬੀ ਸਾਹਿਤ ’ਤੇ ਕੇਂਦਰਿਤ ਅੰਕ ਪ੍ਰਕਾਸ਼ਿਤ ਕਰਕੇ ਉਸ ਸਾਹਿਤਕ ਯੋਗਦਾਨ ਨੂੰ ਉਜਾਗਰ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਨੇ ਪੰਜਾਬੀ ਸਾਹਿਤ ਨੂੰ ਵਿਸ਼ਵ ਪੱਧਰ ’ਤੇ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ। ਇਸ ਮੌਕੇ ਜਰਨਲ ਦੀ ਸੰਪਾਦਕੀ ਟੀਮ ਵਜੋਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਪਰਮਜੀਤ ਕੌਰ, ਪ੍ਰੋ. ਜਗਰੂਪ ਕੌਰ, ਡਾ. ਦਵਿੰਦਰ ਸਿੰਘ ਅਤੇ ਡਾ. ਸਰਬਜੀਤ ਸਿੰਘ ਹਾਜ਼ਰ ਸਨ। ਸੰਪਾਦਕੀ ਟੀਮ ਨੇ 13ਵੇਂ ਅੰਕ ਦੇ ਪ੍ਰਕਾਸ਼ਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਵਿਦਵਾਨਾਂ ਅਤੇ ਖੋਜਾਰਥੀਆਂ ਨੂੰ ਵਧਾਈ ਦਿੱਤੀ।