- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਯੂਨੀਵਰਸਿਟੀ ਵਿੱਚ 12ਵੇਂ ਨੌਰਾ ਰਿਚਰਡਜ਼ ਥੀਏਟਰ ਫੈਸਟੀਵਲ ਦਾ ਆਗਾਜ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 12ਵੇਂ ਨੌਰਾ ਰਿਚਰਡਜ਼ ਥੀਏਟਰ ਫੈਸਟੀਵਲ ਦੀ ਸ਼ੁਰੂਆਤ ਨਾਟਕ ‘ਸੁਹਾਗ’ ਅਤੇ ‘ਕੁੱਕਨੂਸ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਹੋਈ। ਨੌਰਾ ਰਿਚਰਡਜ਼ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਇਸ ਫੈਸਟੀਵਲ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ। ਕਲਾ ਭਵਨ ਦੇ ਭਰੇ ਹੋਏ ਆਡੀਟੋਰੀਅਮ ਵਿੱਚ ਦੋਵੇਂ ਨਾਟਕਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਆਈਸੀ ਨੰਦਾ ਦੇ 1913 ਵਿੱਚ ਲਿਖੇ ਨਾਟਕ ‘ਸੁਹਾਗ’ ਰਾਹੀਂ ਸਮਾਜਿਕ ਕੁਰੀਤੀਆਂ ਅਤੇ ਆਰਥਿਕ ਅਨਿਆਂ ਨੂੰ ਉਭਾਰਿਆ ਗਿਆ, ਜਦਕਿ ਪ੍ਰੋ. ਕਿਰਪਾਲ ਕਜ਼ਾਕ ਦੇ ਨਾਟਕ ‘ਕੁੱਕਨੂਸ’ ਵਿੱਚ ਕਿਸਾਨੀ ਸੰਕਟ, ਪਰਿਵਾਰਕ ਰਿਸ਼ਤਿਆਂ ਵਿੱਚ ਆ ਰਹੀ ਟੁੱਟ-ਭੱਜ ਅਤੇ ਧੀਆਂ ਦੀ ਸਮਰੱਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਦੋਵੇਂ ਨਾਟਕਾਂ ਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ। ਕੁੰਵਰ ਲੋਟੇ, ਰੂਪਕਮਲ ਕੌਰ, ਨੈਨਸੀ, ਗੁਰਿੰਦਰ ਸਿੰਘ, ਸਿਮਰ ਗਿੱਲ ਅਤੇ ਖੁਸ਼ਲੀਨ ਬਰਾੜ ਸਮੇਤ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਕੀਤੀ। ਇਸ ਮੌਕੇ ਯੂਨੀਵਰਸਿਟੀ ਦੀ ਰਜਿਸਟਰਾਰ ਡਾ. ਅਜੀਤਾ ਡੀ. ਸਿੰਘ ਅਤੇ ਨਾਟਕਕਾਰ ਪ੍ਰੋ. ਕਿਰਪਾਲ ਕਜ਼ਾਕ ਨੇ ਕਲਾਕਾਰਾਂ ਦੀ ਸ਼ਲਾਘਾ ਕਰਦਿਆਂ ਰੰਗਮੰਚ ਨੂੰ ਨੌਜਵਾਨਾਂ ਵਿੱਚ ਚੇਤਨਾ ਅਤੇ ਆਤਮ ਵਿਸ਼ਵਾਸ ਪੈਦਾ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਦੱਸਿਆ। ਫੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੌਰਾ ਰਿਚਰਡਜ਼ ਦੇ ਪੰਜਾਬੀ ਰੰਗਮੰਚ ਵਿੱਚ ਯੋਗਦਾਨ ਬਾਰੇ ਚਾਨਣਾ ਪਾਇਆ।