ਸਮਾਣਾ ਦੀਆਂ 123 ਗ੍ਰਾਮ ਪੰਚਾਇਤਾਂ ਨੇ ਬਰਸਟ ਦੇ ਹੱਕ ’ਚ ਪਾਏ ਮਤੇ ਸਮਾਣਾ ਦੀਆਂ 123 ਗ੍ਰਾਮ ਪੰਚਾਇਤਾਂ ਨੇ ਬਰਸਟ ਦੇ ਹੱਕ ਵਿੱਚ ਪਾਏ ਮਤੇ
Publish Date: Fri, 20 Nov 2026 06:04 PM (IST)
Updated Date: Fri, 20 Nov 2026 06:07 PM (IST)
ਭਾਰਤ ਭੂਸ਼ਨ, ਪੰਜਾਬੀ ਜਾਗਰਣ, ਸਮਾਣਾ : ਵਿਧਾਨ ਸਭਾ ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਲਈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੇ ਹੱਕ ਵਿੱਚ ਮੰਗ ਜ਼ੋਰ ਫੜਨ ਲੱਗੀ ਹੈ। ਹਲਕੇ ਦੀਆਂ 152 ਗ੍ਰਾਮ ਪੰਚਾਇਤਾਂ ਵਿੱਚੋਂ 123 ਪੰਚਾਇਤਾਂ ਨੇ ਮਤੇ ਪਾਸ ਕਰਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਬਰਸਟ ਨੂੰ ਸਮਾਣਾ ਤੋਂ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸਮਾਣਾ ਬਾਰ ਐਸੋਸੀਏਸ਼ਨ, ਕਿਸਾਨ ਯੂਨੀਅਨਾਂ, ਆੜ੍ਹਤੀ ਐਸੋਸੀਏਸ਼ਨਾਂ, ਐਂਟੀ ਕਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ, ਟਰੇਡ ਯੂਨੀਅਨਾਂ ਤੇ ਹੋਰ ਸਮਾਜਿਕ ਜਥੇਬੰਦੀਆਂ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਸਮਰਥਨ ਜ਼ਾਹਰ ਕੀਤਾ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜੇ ਹਲਕੇ ਦੇ 22 ਬਲਾਕ ਪ੍ਰਧਾਨਾਂ ਅਤੇ ਪਾਰਟੀ ਦੇ ਵੱਡੀ ਗਿਣਤੀ ਵਲੰਟੀਅਰਾਂ ਵੱਲੋਂ ਵੀ ਬਰਸਟ ਨੂੰ ਟਿਕਟ ਦੇਣ ਦੀ ਮੰਗ ਕੀਤੀ ਗਈ ਹੈ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਬਰਸਟ ਸਾਲ 2016 ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰ ਰਹੇ ਹਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵਜੋਂ ਉਨ੍ਹਾਂ ਨੇ ਸੜਕਾਂ ਦੇ ਨਵੀਨੀਕਰਨ ਅਤੇ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕੰਮ ਕੀਤਾ ਹੈ। ਸਮਾਣਾ ਹਲਕੇ ’ਚ ਵੀ ਸੜਕਾਂ ਅਤੇ ਮੰਡੀਆਂ ਦੇ ਵਿਕਾਸ ਕਾਰਜ ਜਾਰੀ ਹਨ। ਸਬਜ਼ੀ ਮੰਡੀ ’ਚ ਸਟੀਲ ਕਵਰ ਸ਼ੈੱਡ, ਅੰਦਰੂਨੀ ਸੜਕਾਂ ਦਾ ਨਿਰਮਾਣ ਅਤੇ ਰੂਫਟਾਪ ਸੋਲਰ ਪਲਾਂਟ ਦਾ ਪ੍ਰੋਜੈਕਟ ਇਸ ਦੀਆਂ ਉਦਾਹਰਨਾਂ ਹਨ। ਜਥੇਬੰਦੀਆਂ ਨੇ ਕੇਜਰੀਵਾਲ ਤੋਂ ਮੰਗ ਕੀਤੀ ਕਿ ਬਰਸਟ ਨੂੰ ਟਿਕਟ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਉਮੀਦਵਾਰੀ ਮਿਲਣ ’ਤੇ ਸਾਰੇ ਸੰਗਠਨ ਇਕਜੁੱਟ ਹੋ ਕੇ ਉਨ੍ਹਾਂ ਦੀ ਜਿੱਤ ਲਈ ਕੰਮ ਕਰਨਗੇ।