ਰੂਸ-ਯੂਕ੍ਰੇਨ ਲੜਾਈ ’ਚ ਮਾਰੇ ਗਏ ਨੌਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ
ਰੂਸ ਤੇ ਯੂਕ੍ਰੇਨ ਲੜਾਈ ਵਿੱਚ ਮਾਰੇ ਗਏ ਨੌਜਵਾਨ ਦੀ ਮ੍ਰਿਤਕ ਦੇਹ ਅੱਠ ਮਹੀਨੇ ਬਾਅਦ ਪਹੁੰਚੀ ਪਿੰਡ ਬੋਹਜਾ
Publish Date: Sat, 09 May 2026 06:36 PM (IST)
Updated Date: Sun, 10 May 2026 04:09 AM (IST)

ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ, ਘੁਮਾਣ : ਰੂਸ ਤੇ ਯੂਕਰੇਨ ਦੀ ਲੜਾਈ ਵਿੱਚ ਮਾਰੇ ਗਏ 25 ਸਾਲਾ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਸੁਖਵਿੰਦਰ ਸਿੰਘ ਮ੍ਰਿਤਕ ਦੇਹ ਕਰੀਬ ਅੱਠ ਮਹੀਨੇ ਬਾਅਦ ਕਸਬਾ ਘੁਮਾਣ ਦੇ ਨਜ਼ਦੀਕ ਪੈਂਦੇ ਪਿੰਡ ਬੋਹਜਾ ਵਿਖੇ ਪਹੁੰਚੀ, ਜਿਥੇ ਨੌਜਵਾਨ ਗੁਰਸੇਵਕ ਸਿੰਘ ਦਾ ਪਿੰਡ ਬੋਹਜਾ ਦੇ ਸ਼ਮਸ਼ਾਨਘਾਟ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਚਿਖਾ ਨੂੰ ਅਗਨੀ ਭੇਟ ਮਿਰਤਕ ਗੁਰਸੇਵਕ ਸਿੰਘ ਦੇ ਛੋਟੇ ਭਰਾ ਗੁਰਬਾਜ ਸਿੰਘ ਨੇ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚੇ ਕੁਲਵਿੰਦਰ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਮੁਖਤਾਰ ਸਿੰਘ ਬੋਹਜਾ ਨੇ ਦੱਸਿਆ ਕਿ ਰੋਜ਼ੀ ਰੋਟੀ ਕਮਾਉਣ ਲਈ ਕੁਝ ਸਾਲ ਪਹਿਲਾਂ ਜਰਮਨ ਵਿਦੇਸ਼ ਵਿਚ ਵਰਕ ਪਰਮਿਟ ’ਤੇ ਗਿਆ ਅਤੇ ਬਾਅਦ ਵਿੱਚ ਉਹ ਰੂਸ ਦੇਸ਼ ਵਿੱਚ ਪਹੁੰਚ ਗਿਆ ਜਿੱਥੇ ਰੂਸ ਦੀ ਫੌਜ ਵੱਲੋਂ ਉਸਨੂੰ ਧੱਕੇ ਨਾਲ ਭਰਤੀ ਕਰ ਲਿਆ ਗਿਆ। ਜਿਥੇ ਉਹ ਸਤੰਬਰ 2025 ਤੋਂ ਉਹ ਲਾਪਤਾ ਚੱਲ ਰਿਹਾ ਸੀ ਅਤੇ ਇਸ ਤੋਂ ਬਾਅਦ ਉਸ ਦਾ ਕੋਈ ਵੀ ਘਰਦਿਆਂ ਨਾਲ ਸੰਪਰਕ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ 6 ਤਰੀਕ ਨੂੰ ਉਨ੍ਹਾਂ ਨੂੰ ਪਤਾ ਲੱਗਿਆ ਕਿ ਗੁਰਸੇਵਕ ਸਿੰਘ ਰੂਸ ਯੂਕਰੇਨ ਯੁੱਧ ਵਿੱਚ ਸ਼ਹੀਦ ਹੋ ਗਿਆ ਹੈ ਅਤੇ ਅੱਜ ਉਸ ਦੀ ਮ੍ਰਿਤਕ ਦੇਹ ਦਿੱਲੀ ਏਅਰਪੋਰਟ ਤੋਂ ਜੱਦੀ ਪਿੰਡ ਬੋਹਜਾ ਵਿਖੇ ਲਿਆ ਕੇ ਅੰਤਿਮ ਸੰਸਕਾਰ ਕੀਤਾ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਗੁਰਸੇਵਕ ਸਿੰਘ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਜਦਕਿ ਇਸਦੇ ਪਿਤਾ ਸੁਖਵਿੰਦਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸਲਈ ਇਸ ਪਰਿਵਾਰ ਨੂੰ ਹਰ ਸੰਭਵ ਮਦਦ ਕੀਤੀ ਜਾਵੇ। ਗੁਰਸੇਵਕ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਜਿਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਉਥੇ ਨਾਲ ਹੀ ਕਿਹਾ ਰੂਸ ਅਤੇ ਯੁਕਰੇਨ ਦੀ ਲੜਾਈ ਦੌਰਾਨ ਨੌਜਵਾਨ ਦੀ ਮੌਤ ਹੋਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਐੱਸਐੱਚਓ ਘੁਮਾਣ ਹਰਜਿੰਦਰ ਸਿੰਘ ਦਿਓਲ, ਜ਼ਿਲ੍ਹਾ ਜਨਰਲ ਸਕੱਤਰ ਆਮ ਆਦਮੀ ਪਾਰਟੀ ਬਲਜੀਤ ਸਿੰਘ ਜੋਨੀ ਘੁਮਾਣ, ਪੰਚ ਗੁਰਜੀਤ ਸਿੰਘ ਜੰਬਾ ਘੁਮਾਣ, ਆੜਤੀ ਕਰਨਦੀਪ ਸਿੰਘ ਕਰਨ ਘੁਮਾਣ, ਸੰਜੋਗਦੀਪ ਸਿੰਘ ਘੁਮਾਣ, ਅਮਰੀਕ ਸਿੰਘ ਬੋਹਜਾ ਸਮੇਤ ਵੱਡੀ ਗਿਣਤੀ ਸਾਕ ਸਬੰਧੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।