ਛੋਟੇ ਘੱਲੂਘਾਰੇ ਦੇ ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਨਾਲ ਸਿੱਖ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਿੱਖੀ ਸਿਦਕ ਤੇ ਹੱਕ ਸੱਚ ਦੀ ਲੜਾਈ ਲਈ ਅਤੇ ਲੁਕਾਈ ਲਈ ਲੜਨ ਮਰਨ ਦਾ ਜਜ਼ਬਾ ਪੈਦਾ ਹੁੰਦਾ ਰਹੇਗਾ, ਉਥੇ ਹੀ ਇਹ ਘੱਲੂਘਾਰਾ ਸਮੁੱਚੀ ਮਾਨਵਤਾ ਨੂੰ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜਬੂਰ ਕਰਦਾ ਹੋਇਆ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਰਹੇਗਾ।

ਕਸ਼ਮੀਰ ਸਿੰਘ, ਕਾਦੀਆਂ : 18ਵੀਂ ਸਦੀ ਵਿੱਚ ਜ਼ਿਲ੍ਹਾ ਗੁਰਦਾਸਪੁਰ ਅੰਦਰ ਬਿਆਸ ਦਰਿਆ ਦੇ ਕਾਹਨੂੰਵਾਨ ਛੰਭ ਵਿੱਚ ਵਾਪਰਿਆ ਛੋਟਾ ਘੱਲੂਘਾਰਾ (Chhota Ghallughara) ਦੁਨੀਆਂ ਭਰ ਦੇ ਸਿੱਖ ਇਤਿਹਾਸ ਵਿੱਚ ਅਹਿਮ ਮਹੱਤਤਾ ਰੱਖਦਾ ਹੈ। ਇਸ ਛੋਟੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਸ਼ਾਨਾਮੱਤੀ ਸਿੱਖ ਇਤਿਹਾਸ ਰਹਿੰਦੀ ਦੁਨੀਆਂ ਤੱਕ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਰਹੇਗਾ। ਸਿੱਖ ਕੌਮ ਸ਼ੁਰੂ ਤੋਂ ਹੀ ਜਬਰ ਤੇ ਜ਼ੁਲਮ ਖਿਲਾਫ ਲੜਦੀ ਰਹੀ ਹੈ ਅਤੇ ਕਿਸੇ ਦੀ ਗੁਲਾਮੀ ਜਾਂ ਈਨ ਨਾ ਮੰਨਣਾ ਇਹਨਾਂ ਦੇ ਖੂਨ ਵਿੱਚ ਰਚਿਆ ਹੋਇਆ ਹੈ, ਇਸੇ ਕਰਕੇ ਵੱਖ-ਵੱਖ ਸਮੇਂ ਦੌਰਾਨ ਸਿੱਖਾਂ ਨੂੰ ਭਿਆਨਕ ਘੱਲੂਘਾਰਿਆਂ ਦਾ ਸਾਹਮਣਾ ਕਰਨਾ ਪਿਆ।
ਛੋਟੇ ਘੱਲੂਘਾਰੇ ਦੇ ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਨਾਲ ਸਿੱਖ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਿੱਖੀ ਸਿਦਕ ਤੇ ਹੱਕ ਸੱਚ ਦੀ ਲੜਾਈ ਲਈ ਅਤੇ ਲੁਕਾਈ ਲਈ ਲੜਨ ਮਰਨ ਦਾ ਜਜ਼ਬਾ ਪੈਦਾ ਹੁੰਦਾ ਰਹੇਗਾ, ਉਥੇ ਹੀ ਇਹ ਘੱਲੂਘਾਰਾ ਸਮੁੱਚੀ ਮਾਨਵਤਾ ਨੂੰ ਮੂੰਹ ਵਿੱਚ ਉਂਗਲਾਂ ਪਾਉਣ ਲਈ ਮਜਬੂਰ ਕਰਦਾ ਹੋਇਆ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦਾ ਰਹੇਗਾ। ਛੋਟਾ ਘੱਲੂਘਾਰਾ ਵਾਪਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕਰ ਲਿਆ ਸੀ, ਪਰ ਮੁਗਲ ਸਾਮਰਾਜ ਨੇ ਸਿੱਖ ਬਗਾਵਤ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ। ਇਸੇ ਦੌਰਾਨ ਲੰਮੇ ਸੰਘਰਸ਼ ਮਗਰੋਂ ਬੰਦਾ ਸਿੰਘ ਬਹਾਦਰ ਜੀ ਨੂੰ ਗੜ੍ਹੀ ਗੁਰਦਾਸ ਨੰਗਲ (ਜ਼ਿਲ੍ਹਾ ਗੁਰਦਾਸਪੁਰ) ਤੋਂ ਹਜ਼ਾਰਾਂ ਸਿੰਘਾਂ ਸਮੇਤ ਕੈਦ ਕਰ ਕੇ ਈਨ ਮਨਾਉਣ ਲਈ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਦਿੱਲੀ ਦਰਬਾਰ ਨੇ 1721 ਈਸਵੀ ਵਿੱਚ ਜ਼ਕਰੀਆ ਖਾਨ ਨੂੰ ਪੰਜਾਬ ਦਾ ਸੂਬੇਦਾਰ ਇਸ ਸ਼ਰਤ ਤੇ ਬਣਾਇਆ ਕਿ ਉਹ ਸਿੱਖਾਂ ਦਾ ਖੁਰਾ ਖੋਜ ਮੁਕਾ ਦੇਵੇਗਾ, ਪਰ ਉਸ ਤੋਂ ਸਿੱਖ ਤਾਂ ਕੀ ਮੁੱਕਣੇ ਸਨ ਉਹ ਖੁਦ ਹੀ ਮੁੱਕ ਗਿਆ। ਜ਼ਕਰੀਆ ਖਾਨ ਦੀ 1745 ਈਸਵੀ ਵਿੱਚ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਾਹੀਆ ਖਾਨ ਪੰਜਾਬ ਦਾ ਗਵਰਨਰ ਬਣਿਆ, ਇਹ ਆਪਣੇ ਪਿਓ ਤੋਂ ਵੀ ਵੱਧ ਜ਼ਾਲਮ ਸੀ। ਯਾਹੀਆ ਖਾਨ ਨੇ ਆਪਣੀਆਂ ਫ਼ੌਜਾਂ ਨੂੰ ਹੁਕਮ ਦਿੱਤੇ ਕਿ ਸਿੱਖਾਂ ਦਾ ਕਤਲ ਕਰ ਕੇ ਉਨ੍ਹਾਂ ਦਾ ਖੁਰਾ ਖ਼ੋਜ ਮਿਟਾ ਦਿੱਤਾ ਜਾਵੇ ਅਤੇ ਸਿੱਖਾਂ ਦੇ ਸਿਰ ਵੱਢ ਲਿਆਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ। ਸਿੱਖ਼ਾਂ ’ਤੇ ਯਾਹੀਆ ਖਾਨ ਦੇ ਵਧਦੇ ਜ਼ੁਲਮ ਨੂੰ ਵੇਖਦਿਆਂ ਬਾਬਾ ਦੀਪ ਸਿੰਘ, ਨਵਾਬ ਕਪੂਰ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖਾਂ ਨੂੰ ਕਾਹਨੂੰਵਾਨ ਦੇ ਛੰਭ ਵਿੱਚ ਇਕੱਠੇ ਹੋਣ ਦਾ ਹੁਕਮ ਕੀਤਾ।
ਸਿੱਖਾਂ ਨੇ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਆਪਣੇ ਘਰ ਘਾਟ ਛੱਡ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਾਦੀਆਂ ਨੇੜਲੇ ਕਾਹਨੂੰਵਾਨ ਛੰਭ ਵਿੱਚ ਜਾ ਟਿਕਾਣਾ ਕੀਤਾ। ਇਸ ਛੰਭ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਗੁਰਦਿਆਲ ਸਿੰਘ ਡੱਲੇਵਾਲੀਆ, ਹਰੀ ਸਿੰਘ ਭੰਗੀ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਤੇ ਨੌਧ ਸਿੰਘ ਆਦਿ ਆਪਣੇ ਜਥੇ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਇਸ ਛੰਭ ਵਿੱਚ ਇਕੱਠੇ ਹੋਏ ਤਾਂ ਇਸ ਬਾਰੇ ਪਤਾ ਲੱਗਣ ਤੇ ਯਾਹੀਆ ਖਾਨ ਤੇ ਲਖਪਤ ਰਾਏ ਨੇ ਆਪਣੀਆਂ ਫ਼ੌਜਾਂ ਲੈ ਕੇ ਸਿੱਖਾਂ ਨੂੰ ਘੇਰਾ ਪਾ ਲਿਆ। ਇਸ ਦੌਰਾਨ ਸਿੱਖਾਂ ਵਲੋਂ ਮੁਗ਼ਲਾਂ ਨਾਲ ਕੀਤੀ ਗਹਿਗੱਚ ਜੰਗ ਵਿੱਚ ਯਾਹੀਆ ਖਾਨ ਅਤੇ ਲਾਖਪਤ ਰਾਏ ਦੇ ਪੁੱਤਰ ਮਾਰੇ ਗਏ। ਸਿੱਖਾਂ ਦੇ ਮੂੰਹ ਤੋੜਵੇਂ ਜਵਾਬ ਅੱਗੇ ਬੇਵੱਸ ਹੋਏ ਮੁਗਲਾਂ ਨੇ ਆਖਰ 30 ਮਈ 1746 ਈਸਵੀ ਨੂੰ ਛੰਭ ਦੇ ਜੰਗਲ ਨੂੰ ਅੱਗ ਲਾ ਦਿੱਤੀ, ਜਿਸ ਵਿੱਚ 15,000 ਸਿੰਘ, ਸਿੰਘਣੀਆਂ ਅਤੇ ਬੱਚੇ ਸ਼ਹੀਦ ਹੋ ਗਏ। ਹਜ਼ਾਰਾਂ ਸਿੰਘਾਂ ਦੇ ਸਿਰ ਗੱਡਿਆਂ ਤੇ ਲੱਦ ਕੇ ਲਾਹੌਰ ਦਰਵਾਜ਼ਿਆਂ ਤੇ ਟੰਗੇ ਗਏ। ਵੱਖ-ਵੱਖ ਇਤਿਹਾਸਕਾਰਾਂ ਮੁਤਾਬਕ 7 ਹਜ਼ਾਰ ਤੋਂ 11 ਹਜ਼ਾਰ ਸਿੰਘ, ਸਿੰਘਣੀਆਂ ਅਤੇ ਬੱਚਿਆਂ ਦੇ ਸ਼ਹੀਦ ਹੋਣ ਦਾ ਜ਼ਿਕਰ ਆਉਂਦਾ ਹੈ, ਪਰ ਹੁਣ ਮੌਜੂਦਾ ਸਥਿਤੀ ਵਿੱਚ ਪ੍ਰਸਿੱਧ ਸਾਹਿਤਕਾਰ ਸੁਲੱਖਣ ਸਰਹੱਦੀ ਵੱਲੋਂ ਖੋਜ ਤੇ ਅਧਾਰਤ ਪੁਸਤਕ ‘ਅਗਨ ਗਾਥਾ ਦਾਸਤਾਨ ਛੋਟਾ ਘੱਲੂਘਾਰਾ’ ਵਿੱਚ ਛੋਟੇ ਘੱਲੂਘਾਰੇ ਦੀਆਂ ਇਤਿਹਾਸਿਕ ਘਟਨਾਵਾਂ ਬਾਰੇ ਉਸ ਸਮੇਂ ਦੀ ਭੂਗੋਲਿਕ ਸਥਿਤੀ ਤੇ ਘਟਨਾਵਾਂ ਬਾਰੇ ਵਿਸਥਾਰ ਪੂਰਵਕ ਜ਼ਿਕਰ ਕਰਦਿਆਂ 15 ਹਜ਼ਾਰ ਸ਼ਹੀਦੀਆਂ ਦਾ ਜ਼ਿਕਰ ਕੀਤਾ ਗਿਆ ਹੈ।
ਸ਼ਹੀਦਾਂ ਦੀ ਯਾਦ ਵਿੱਚ ਇਸ ਸਥਾਨ ’ਤੇ ਅੱਜ ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਸੁਸ਼ੋਭਿਤ ਹੈ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਤੋਂ ਇਲਾਵਾ ਵੱਖ-ਵੱਖ ਬਿਲਡਿੰਗਾਂ ਦੀ ਉਸਾਰੀ ਲਈ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਕਾਰਜ ਆਰੰਭੇ ਹੋਏ ਹਨ, ਜਿਨ੍ਹਾਂ ਨੂੰ ਪੂਰੇ ਕਰਨ ਲਈ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਅਧੂਰਾ ਹੈ।
ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ/ਸੇਵਾਦਾਰ ਮਾਸਟਰ ਜੌਹਰ ਸਿੰਘ ਜੀ ਵੱਲੋਂ ਆਪਣੀ ਦੂਰ ਅਦੇਸ਼ੀ ਸੋਚ ਸਦਕਾ ਕੀਤੇ ਜਾ ਰਹੇ ਕਾਰਜਾਂ ਤਹਿਤ ਸੱਚਾਰੂ ਪ੍ਰਬੰਧਾਂ ਹੇਠ ਚੱਲ ਰਹੀ ਨਿਸ਼ਾਨੇ-ਏ-ਖਾਲਸਾ ਅਕੈਡਮੀ ਛੋਟਾ ਘੱਲੂਘਾਰਾ, ਜੋ ਇਲਾਕੇ ਲਈ ਵਿੱਦਿਆ ਦਾ ਚਾਨਣ ਮੁਨਾਰਾ ਸਾਬਤ ਹੋਈ ਹੈ। ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਯਾਦ ਵਿੱਚ ਬਣਾਇਆ ਗਿਆ ’ਵੱਡਾ ਦੀਵਾਨ ਹਾਲ’ ਦੇਖਣ ਯੋਗ ਹੈ। ਨਵਾਬ ਕਪੂਰ ਸਿੰਘ ਨੇ ਜਿਸ ਬੇਰੀ ਹੇਠਾਂ ਬੈਠ ਕੇ ਸਿੰਘਾਂ ਨੂੰ ਜੰਗ ਦੀ ਤਿਆਰੀ ਲਈ ਵਿਉਂਤਬੰਦੀ ਕੀਤੀ ਸੀ ਉੱਥੇ ਉਹਨਾਂ ਦੀ ਯਾਦ ਵਿੱਚ ਪੁਰਾਤਨ ਦਿੱਖ ਵਾਲੀ ਬਹੁਤ ਹੀ ਆਲੀਸ਼ਾਨ ਵਿਰਾਸਤੀ ਯਾਦਗਾਰ ਬਣਾਈ ਜਾ ਰਹੀ ਹੈ ਜੋ ਜਲਦ ਹੀ ਮੁਕੰਮਲ ਹੋ ਜਾਵੇਗੀ।
ਜੰਗੀ ਪੱਧਰ ਤੇ ਚੱਲ ਰਹੀ ਹੈ ਗੁਰਦੁਆਰਾ ਬੇਰ ਸਾਹਿਬ ਦੀ ਸੇਵਾ
ਇਥੇ ਗੁਰਦੁਆਰਾ ਬੇਰ ਸਾਹਿਬ ਦੀ ਸੇਵਾ ਜੰਗੀ ਪੱਧਰ ਤੇ ਚੱਲ ਰਹੀ ਹੈ। ਚੈਰੀਟੇਬਲ ਹਸਪਤਾਲ ਬਹੁਤ ਵੱਡੇ ਪੱਧਰ ਦਾ ਬਣਾਇਆ ਜਾ ਰਿਹਾ ਹੈ, ਜਿਸ ਦੀ ਬਿਲਡਿੰਗ ਦੋ ਮੰਜਲੀ ਬਣ ਚੁੱਕੀ ਹੈ। ਜਿਸ ਵਿੱਚ ਲੈਬਾਰਟਰੀ, ਐਮ ਆਰ ਆਈ ਮਸ਼ੀਨ, ਡਿਜੀਟਲ ਐਕਸਰੇ ਮਸੀਨ , ਡਾਇਲਸਿਸ ਵਰਗੀਆਂ ਮਸ਼ੀਨਾਂ ਲਗਾਉਣ ਦਾ ਨਿਸ਼ਾਨਾ ਹੈ। ਇਹ ਚੈਰੀਟੇਬਲ ਹਸਪਤਾਲ ਕੁਝ ਮਹੀਨਿਆਂ ਵਿੱਚ ਹੀ ਚਾਲੂ ਹੋਣ ਜਾ ਰਿਹਾ ਹੈ। ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਦੇ ਮੁੱਖ ਪ੍ਰਬੰਧਕ ਸੇਵਾਦਾਰ ਮਾਸਟਰ ਜ਼ੌਹਰ ਸਿੰਘ ਨੇ ਦੱਸਿਆ ਕਿ ਵਿੱਦਿਆ ਅਤੇ ਸਿਹਤ ਸਹੂਲਤਾਂ ਦੇ ਦੋ ਮਹਾਨ ਕਾਰਜਾਂ ਤੋਂ ਇਲਾਵਾ ਹੋਰ ਵੀ ਗੁਰਦੁਆਰਾ ਸਾਹਿਬ ਵਿਖੇ ਵੱਖ ਵੱਖ ਬਿਲਡਿੰਗਾਂ ਦੀ ਉਸਾਰੀ ਨਾਲ ਸੰਬੰਧਿਤ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਆਰੰਭੇ ਹੋਏ ਹਨ। ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਹਨ ਜਿਨ੍ਹਾਂ ਦੇ ਠਹਿਰਣ ਲਈ ਇਥੇ ਵਿਸ਼ੇਸ਼ ਪ੍ਰਬੰਧ ਹਨ।