- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਦੀ ਸਿਆਸਤ ’ਚ ਵੱਡਾ ਧਮਾਕਾ

ਸੁਖਦੇਵ ਸਿੰਘ/ ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ : ਵਿਧਾਨ ਸਭਾ ਹਲਕਾ ਬਟਾਲਾ ਦੀ ਰਾਜਨੀਤੀ ਵਿਚ ਉਸ ਵੇਲੇ ਵੱਡਾ ਧਮਾਕਾ ਹੋ ਗਿਆ, ਜਦੋਂ ਵੱਖ ਵੱਖ ਰਵਾਇਤੀ ਪਾਰਟੀਆਂ ਨਾਲ ਸਬੰਧੀ ਕਈ ਆਗੂ ਅਤੇ ਕੌਂਸਲਰ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਰਾਕੇਸ਼ ਕੁਮਾਰ ਤੁਲੀ, ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਗੁਰਦਾਸਪੁਰ ਅਤੇ ਆਪ ਦੇ ਸਾਬਕਾ ਸ਼ਹਿਰੀ ਪ੍ਰਧਾਨ ਬਟਾਲਾ; ਰਾਜੇਸ਼ ਕੁਮਾਰ ਤੁਲੀ, ਵਾਰਡ ਨੰਬਰ 46 ਤੋਂ ਆਪ ਦੇ ਮਿਉਂਸੀਪਲ ਕੌਂਸਲਰ ਬਲਵਿੰਦਰ ਸਿੰਘ ਮਿੰਟਾ, ਵਾਰਡ ਨੰਬਰ 13 ਤੋਂ ਮਿਉਂਸੀਪਲ ਕੌਂਸਲਰ, ਪੰਜਾਬ ਲਾਈਵਸਟਾਕ ਡਿਵੈਲਪਮੈਂਟ ਬੋਰਡ ਦੇ ਮੈਂਬਰ ਅਤੇ ਆਪ ਦੇ ਬਲਾਕ ਪ੍ਰਧਾਨ ਬਟਾਲਾ ਸਰਦੂਲ ਸਿੰਘ, ਵਾਰਡ ਨੰਬਰ 48 ਤੋਂ ਮਿਉਂਸੀਪਲ ਕੌਂਸਲਰ ਜਸਬੀਰ ਸਿੰਘ ਨੀਟਾ, ਵਾਰਡ ਨੰਬਰ 10 ਤੋਂ ਸਾਬਕਾ ਮਿਉਂਸੀਪਲ ਕੌਂਸਲਰ ਅਤੇ ਸਾਬਕਾ ਮੰਡਲ ਪ੍ਰਧਾਨ ਸਿਵਲ ਲਾਈਨ ਸਤਪਾਲ, ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 32 ਤੋਂ ਸਾਬਕਾ ਮਿਉਂਸੀਪਲ ਕੌਂਸਲਰ, ਭੂਪਿੰਦਰ ਸਿੰਘ ਉਰਫ਼ ਸੋਮੂ ਵਾਲਾ, ਮਾਨ ਨਗਰ ਤੋਂ ਸੀਨੀਅਰ ਅਕਾਲੀ ਆਗੂ, ਰਾਜ ਕੁਮਾਰ ਉਰਫ਼ ਰਾਜੂ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਬਟਾਲਾ ਸਿਵਲ ਲਾਈਨ ਅਤੇ ਸਵਿੰਦਰ ਸਿੰਘ ਵਾਰਡ ਨੰਬਰ 37 ਤੋਂ ਆਪ ਦੇ ਸੰਸਥਾਪਕ ਮੈਂਬਰ ਸ਼ਾਮਲ ਸਨ। ਇਨ੍ਹਾਂ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਬਘੇਲ ਅਤੇ ਵੜਿੰਗ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਕਾਂਗਰਸ ਪਾਰਟੀ ਵਿਚ ਆਉਣ ’ਤੇ ਪੂਰਾ ਸਤਿਕਾਰ ਕੀਤਾ ਜਾਵੇਗਾ ਅਤੇ ਕਾਂਗਰਸ ਲਈ ਵਧਦਾ ਸਮਰਥਨ ਪੰਜਾਬ ਵਿੱਚ ਪਾਰਟੀ ਦੀ ਸੋਚ ਅਤੇ ਲੀਡਰਸ਼ਿਪ ‘ਤੇ ਲੋਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਪਿਛੋਕੜ ਵਾਲੇ ਵਰਕਰ ਅਤੇ ਆਗੂ ਸੱਤਾਧਾਰੀ ਪਾਰਟੀਆਂ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ, ਜੋ ਕਿ ਪਾਰਟੀ ਲਈ ਇਕ ਚੰਗਾ ਸੰਕੇਤ ਹੈ ਅਤੇ ਆਉਣ ਵਾਲੀਆਂ ਕਾਰਪੋਰੇਸ਼ਨ ਤੇ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਆਪਣੀ ਜਿੱਤ ਦਾ ਪਰਚਮ ਲਹਿਰਾਏਗੀ।