ਕੋਟਲੀ ਨਹਿਰ ਦੇ ਫਲਾਈਓਵਰ ਹੇਠਾਂ ਨੌਜਵਾਨ ’ਤੇ ਦਾਤਰਾਂ ਨਾਲ ਹਮਲਾ, ਹਾਲਤ ਗੰਭੀਰ ਕੋਟਲੀ ਨਹਿਰ ਦੇ ਫਲਾਈਓਵਰ ਹੇਠਾਂ ਨੌਜਵਾਨ ’ਤੇ ਦਾਤਰਾਂ ਨਾਲ ਹਮਲਾ, ਹਾਲਤ ਗੰਭੀਰ
Publish Date: Sun, 22 Nov 2026 06:00 PM (IST)
Updated Date: Mon, 23 Nov 2026 04:07 AM (IST)
ਫੋਟੋ : ਨੌਜਵਾਨ ’ਤੇ ਹੋਏ ਹਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿਤਾ ਮਨੋਹਰ ਲਾਲ, ਸਰਪੰਚ ਸੋਹਨ ਲਾਲ ਸੋਨੀ ਅਤੇ ਹੋਰ ਪਰਿਵਾਰਕ ਮੈਂਬਰ। * ਜ਼ਖ਼ਮੀ ਨੌਜਵਾਨ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਆ : ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ ’ਤੇ ਸਥਿਤ ਕੋਟਲੀ ਨਹਿਰ ਦੇ ਫਲਾਈਓਵਰ ਹੇਠਾਂ ਹਨੇਰੇ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਣ ਲੱਗੇ ਹਨ। ਬੀਤੀ ਰਾਤ ਇੱਥੇ 22 ਸਾਲਾ ਨੌਜਵਾਨ ’ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਦਾਤਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਇਕ ਨਿੱਜੀ ਹਸਪਤਾਲ ’ਚ ਕੰਮ ਕਰਦਾ ਹੈ। ਉਹ ਰਾਤ ਸਮੇਂ ਡਿਊਟੀ ਖ਼ਤਮ ਕਰਕੇ ਆਪਣੇ ਘਰ ਪਰਤ ਰਿਹਾ ਸੀ। ਜਦੋਂ ਉਹ ਕੋਟਲੀ ਨਹਿਰ ਦੇ ਫਲਾਈਓਵਰ ਹੇਠਾਂ ਪਹੁੰਚਿਆ ਤਾਂ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਉਸ ’ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸਥਾਨਕ ਲੋਕਾਂ ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਸੋਹਨ ਲਾਲ ਸੋਨੀ, ਜ਼ਖ਼ਮੀ ਨੌਜਵਾਨ ਦੇ ਪਿਤਾ ਮਨੋਹਰ ਲਾਲ, ਪੰਚਾਇਤ ਮੈਂਬਰ ਪਰਮਜੀਤ ਰਾਣਾ ਅਤੇ ਰਿੱਕੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਰਾਤ ਪੁਲਿਸ ਹੈਲਪਲਾਈਨ 112 ’ਤੇ ਦੇ ਦਿੱਤੀ ਗਈ ਸੀ। ਉਨ੍ਹਾਂ ਐੱਸਐੱਸਪੀ ਪਠਾਨਕੋਟ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾਵਰਾਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਫਲਾਈਓਵਰ ਦੇ ਦੋਵੇਂ ਪਾਸੇ ਸਟਰੀਟ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਨਾ ਹੋਣ ਕਾਰਨ ਇਲਾਕੇ ਵਿੱਚ ਹਨੇਰਾ ਰਹਿੰਦਾ ਹੈ, ਜਿਸ ਨਾਲ ਲੁੱਟ-ਖੋਹ ਅਤੇ ਹੋਰ ਅਪਰਾਧਿਕ ਘਟਨਾਵਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਕੋਟਲੀ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਮੁਲਜ਼ਮਾਂ ਨੂੰ ਕਾਬੂ ਕਰ ਕੇ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ।