- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਤ ਰੋਜ਼ਾ ਖੇਡ ਮੁਕਾਬਲਿਆਂ ਦੀ ਸਮਾਪਤੀ ਮੌਕੇ ਜੇਤੂ ਖਿਡਾਰੀ ਇਨਾਮਾਂ ਨਾਲ ਸਨਮਾਨਿਤ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ
ਭੋਆ : ਇੰਦਰਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਸਵਾਲੀ ਵਿਖੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਕਰਵਾਏ ਗਏ ਸੱਤ ਰੋਜ਼ਾ ਖੇਡ ਮੁਕਾਬਲਿਆਂ ਦੀ ਸਮਾਪਤੀ ਹੋ ਗਈ। ਇਹ ਮੁਕਾਬਲੇ ਸਕੂਲ ਦੇ ਚੇਅਰਮੈਨ ਜਗਦੀਸ਼ ਸ਼ਰਮਾ ਦੇ ਜਨਮ ਦਿਨ ਨੂੰ ਸਮਰਪਿਤ ਸਨ। ਸਮਾਪਤੀ ਸਮਾਰੋਹ ਪ੍ਰਿੰਸੀਪਲ ਸੋਨੀਆ ਸ਼ਰਮਾ ਅਤੇ ਚੇਅਰਮੈਨ ਜਗਦੀਸ਼ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਪਠਾਨਕੋਟ ਦੇ ਸੀਨੀਅਰ ਐਡਵੋਕੇਟ ਵਿਕਰਾਂਤ ਮਹਾਜਨ, ਐਡਵੋਕੇਟ ਵਿਨੈ ਸ਼ਰਮਾ, ਵੀਰ ਹਕੀਕਤ ਰਾਏ ਯੁਵਾ ਮੋਰਚਾ ਦੇ ਪ੍ਰਧਾਨ ਪ੍ਰੋ. ਸੁਧੀਰ ਮਹਾਜਨ, ਪਬਲਿਕ ਵਿਕਾਸ ਕੌਂਸਲ ਸੁਜਾਨਪੁਰ ਦੇ ਪ੍ਰਧਾਨ ਅਤੇ ਲੇਖਕ ਨਰਿੰਦਰ ਨਿੰਦੀ, ਖੱਤਰੀ ਸਭਾ ਭੋਆ ਦੇ ਪ੍ਰਧਾਨ ਅੰਕੁਰ ਬੇਦੀ, ਕੋਟਲੀ ਮੁਗਲਾਂ ਤੋਂ ਸਮਾਜ ਸੇਵੀ ਰਾਕੇਸ਼ ਕੁਮਾਰ ਅਤੇ ਥਾਣਾ ਸਦਰ ਤੋਂ ਏਐੱਸਆਈ ਸਵਰਨ ਸਿੰਘ ਆਪਣੀ ਟੀਮ ਸਮੇਤ ਪਹੁੰਚੇ। ਮਹਿਮਾਨਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
ਇਸ ਮੌਕੇ ਪ੍ਰਿੰਸੀਪਲ ਸੋਨੀਆ ਸ਼ਰਮਾ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਨਾਲ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਅਗਵਾਈ ਕਰਨ ਦੀ ਸਮਰੱਥਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਅਤੇ ਨਸ਼ਿਆਂ ਤੋਂ ਦੂਰ ਰੱਖਣਾ ਹੈ। ਵਿਸ਼ੇਸ਼ ਮਹਿਮਾਨਾਂ ਨੇ ਸਕੂਲ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਜਿਊਣ ਅਤੇ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਸਮੂਹ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਦੀਪਿਕਾ ਚੌਧਰੀ ਤੋਂ ਇਲਾਵਾ ਭਾਵਨਾ, ਮੀਨਾਕਸ਼ੀ, ਦੀਪਾਲੀ, ਡੌਲੀ, ਰੇਖਾ, ਪ੍ਰੀਤੀ, ਕੋਮਲ, ਰਵੀਨਾ, ਪੂਨਮ, ਪ੍ਰਤਿਮਾ, ਸ਼ਿਵਾਨੀ, ਪ੍ਰਿਆ, ਕੀਰਤੀ ਅਤੇ ਸਟਾਫ਼ ਮੈਂਬਰ ਆਦਿ ਹਾਜ਼ਰ ਸਨ।