
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗਰੀਨ ਫੀਲਡ ਕਲੋਨੀ ’ਚ ਪੰਜ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ, ਲੋਕਾਂ ’ਚ ਰੋਸ

ਹਰਪ੍ਰੀਤ ਹੈਰੀ, ਪੰਜਾਬੀ ਜਾਗਰਣ, ਪਠਾਨਕੋਟ : ਢਾਕੀ ਚੌਂਕ ਨੇੜੇ ਗਰੀਨ ਫੀਲਡ ਕਲੋਨੀ, ਫਾਟਕ ਅਤੇ ਫਲਾਈਓਵਰ ਵਿਚਕਾਰ ਰਹਿੰਦੇ ਲੋਕ ਪਿਛਲੇ ਪੰਜ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਪ੍ਰੇਸ਼ਾਨ ਹਨ। ਪਾਣੀ ਦੀ ਕਿੱਲਤ ਕਾਰਨ ਲੋਕਾਂ ਨੂੰ ਨਿੱਜੀ ਟੈਂਕੀਆਂ ਮੰਗਵਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਸਬੰਧੀ ਪਹਿਲਾਂ ਵੀ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ, ਪਰ ਪੱਕਾ ਹੱਲ ਨਹੀਂ ਹੋਇਆ।
ਸਮੱਸਿਆ ਤੋਂ ਦੁਖੀ ਮੁਹੱਲਾ ਵਾਸੀ ਐਮਸੀ ਵਿਜੇ ਸ਼ਰਮਾ ਚੁੰਨੀ ਪ੍ਰਧਾਨ ਕੋਲ ਪਹੁੰਚੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅੱਜ ਸ਼ਾਮ ਤੱਕ ਪਾਣੀ ਦੀ ਸਪਲਾਈ ਬਹਾਲ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਰਿਟਾਇਰਡ ਕੇ.ਡੀ. ਸ਼ਰਮਾ ਨੇ ਦੱਸਿਆ ਕਿ ਰੇਲਵੇ ਲਾਈਨ ਹੇਠੋਂ ਆਉਂਦੀ ਪਾਈਪਲਾਈਨ ਨੂੰ ਪਹਿਲਾਂ ਪ੍ਰੇਮ ਨਗਰ ਵੱਲੋਂ ਆਉਣ ਵਾਲੀ ਸਪਲਾਈ ਨਾਲ ਜੋੜਿਆ ਗਿਆ ਸੀ, ਪਰ ਹੁਣ ਸਪਲਾਈ ਵਿੱਚ ਕਮੀ ਕਾਰਨ ਸਮੱਸਿਆ ਵਧ ਗਈ ਹੈ। ਉਨ੍ਹਾਂ ਦੋਵੇਂ ਲਾਈਨਾਂ ਨੂੰ ਮੁੜ ਜੋੜਨ ਦੀ ਮੰਗ ਕੀਤੀ।
ਅੰਕੁਸ਼ ਦੱਤ ਨੇ ਕਿਹਾ ਕਿ ਗਰੀਨ ਫੀਲਡ ਕਲੋਨੀ ਨਾਲ ਲੰਬੇ ਸਮੇਂ ਤੋਂ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਲਾਕਾ ਟਿਊਬਵੈੱਲ ਮੋਟਰ ’ਤੇ ਨਿਰਭਰ ਹੈ ਅਤੇ ਵੱਧ ਬੋਝ ਪੈਣ ਕਾਰਨ ਮੋਟਰ ਅਕਸਰ ਖ਼ਰਾਬ ਹੋ ਜਾਂਦੀ ਹੈ। ਦਲਜੀਤ ਸਿੰਘ ਨੇ ਕਿਹਾ ਕਿ ਲੋਕ ਰੋਜ਼ਾਨਾ ਪਾਣੀ ਦੀ ਸਪਲਾਈ ਸਬੰਧੀ ਜਾਣਕਾਰੀ ਲੈਣ ਜਾਂਦੇ ਹਨ, ਪਰ ਕਈ ਵਾਰ ਕੋਈ ਜ਼ਿੰਮੇਵਾਰ ਕਰਮਚਾਰੀ ਮੌਕੇ ’ਤੇ ਨਹੀਂ ਮਿਲਦਾ।