ਵਾਰੀਅਰਜ਼ ਸੋਸ਼ਲ ਵੈੱਲਫੇਅਰ ਕਲੱਬ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ 45 ਗਰਮ ਜੈਕਟਾਂ ਵੰਡੀਆਂ ਵਾਰੀਅਰਜ਼ ਸੋਸ਼ਲ ਵੈੱਲਫੇਅਰ ਕਲੱਬ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ 45 ਗਰਮ ਜੈਕਟਾਂ ਵੰਡੀਆਂ
Publish Date: Sat, 28 Nov 2026 04:55 PM (IST)
Updated Date: Sat, 28 Nov 2026 04:58 PM (IST)
ਅੰਕੁਰ ਮਹਾਜਨ, ਪੰਜਾਬੀ ਜਾਗਰਣ ਪਠਾਨਕੋਟ ਕੈਂਟ : ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਵਾਰੀਅਰਜ਼ ਸੋਸ਼ਲ ਵੈੱਲਫੇਅਰ ਕਲੱਬ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਡਲ ਟਾਊਨ ਵਿਖੇ ਪੜ੍ਹ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਸਹਾਇਤਾ ਲਈ ਨਿਵੇਕਲਾ ਉਪਰਾਲਾ ਕੀਤਾ ਗਿਆ। ਸਰਪ੍ਰਸਤ ਉਮੇਸ਼ ਕੋਹਲੀ ਅਤੇ ਰਮਨ ਹਾਂਡਾ ਦੀ ਅਗਵਾਈ ਹੇਠ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਦੇ 45 ਬੱਚਿਆਂ ਨੂੰ ਗਰਮ ਜੈਕਟਾਂ ਵੰਡੀਆਂ ਗਈਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਜੇ ਆਨੰਦ ਅਤੇ ਚੇਅਰਮੈਨ ਸੁਸ਼ੀਲ ਮਹਿੰਦਰੂ ਨੇ ਦੱਸਿਆ ਕਿ ਜਦੋਂ ਕਲੱਬ ਦੇ ਮੈਂਬਰਾਂ ਨੂੰ ਪਤਾ ਲੱਗਾ ਕਿ ਇਸ ਸਕੂਲ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ ਤਾਂ ਉਨ੍ਹਾਂ ਨੇ ਇਨ੍ਹਾਂ ਬੱਚਿਆਂ ਦੀ ਸਹਾਇਤਾ ਲਈ ਇਹ ਪ੍ਰਾਜੈਕਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬੱਚੇ ਵੀ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਨੂੰ ਦੂਜੇ ਬੱਚਿਆਂ ਵਾਂਗ ਪਿਆਰ, ਸਤਿਕਾਰ ਅਤੇ ਉਤਸ਼ਾਹ ਦੀ ਲੋੜ ਹੈ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਿੱਚ ਵੀ ਅਥਾਹ ਪ੍ਰਤਿਭਾ ਹੁੰਦੀ ਹੈ, ਜਿਸ ਨੂੰ ਸਹੀ ਮੌਕੇ ਅਤੇ ਹੌਸਲਾ ਮਿਲਣ ’ਤੇ ਨਿਖਾਰਿਆ ਜਾ ਸਕਦਾ ਹੈ। ਉਨ੍ਹਾਂ ਮਾਣ ਨਾਲ ਦੱਸਿਆ ਕਿ ਸਕੂਲ ਦਾ ਵਿਦਿਆਰਥੀ ਨੂਰ ਨੇਤਰਹੀਣ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਂਦੇ ‘ਕਿਸ ਵਿੱਚ ਕਿੰਨਾ ਹੈ ਦਮ’ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਿਆ ਹੈ। ਇਸੇ ਤਰ੍ਹਾਂ ਵਿਦਿਆਰਥੀ ਸਲੀਮ ਨੇ ਕੌਮੀ ਪੱਧਰ ’ਤੇ ਹੋਈ ਤੈਰਾਕੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਛੇ ਹੋਰ ਵਿਦਿਆਰਥੀਆਂ ਨੇ ਅਥਲੈਟਿਕਸ ਦੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਸੋਨੇ ਦੇ ਤਗਮੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇਸ ਉਪਰਾਲੇ ਵਿੱਚ ਯੋਗਦਾਨ ਪਾ ਕੇ ਕਲੱਬ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰਦਾ ਹੈ। ਅਖੀਰ ਵਿੱਚ ਸਕੂਲ ਇੰਚਾਰਜ ਰੇਣੂ ਬਾਲਾ ਅਤੇ ਸੁਨੀਤਾ ਨੇ ਕਲੱਬ ਦੇ ਸਮੂਹ ਮੈਂਬਰਾਂ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਸੁਸ਼ੀਲ ਮਹਿੰਦਰੂ, ਉਮੇਸ਼ ਕੋਹਲੀ, ਰਮਨ ਹਾਂਡਾ, ਡਾ. ਓਪੀ ਵਿੱਗ, ਐਨਪੀ ਧਵਨ, ਸੰਜੇ ਆਨੰਦ, ਡਾ. ਰਾਕੇਸ਼ ਮਹਿੰਦਰੂ, ਦੀਪਕ ਕੱਕੜ, ਲਲਿਤ ਤ੍ਰੇਹਣ, ਉੱਜਵਲ ਭੰਡਾਰੀ, ਪੁਨੀਤ ਕਪੂਰ, ਨੀਰਜ ਸੇਖੜੀ, ਸੰਦੀਪ ਕਪੂਰ, ਜਗਦੀਸ਼ ਕੋਹਲੀ, ਡਾ. ਮਨਦੀਪ ਸ਼ਰਮਾ, ਸਵਿਤਾ ਕੁਮਾਰੀ ਅਤੇ ਰਾਕੇਸ਼ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।