- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਐੱਨਡੀਯੂ ਟੀਚਰਜ਼ ਐਸੋਸੀਏਸ਼ਨ ਦੀਆਂ ਸਾਰੀਆਂ 11 ਸੀਟਾਂ ’ਤੇ ਯੂਐੱਫਡੀਏ ਟੀਮ ਦਾ ਨਿਰਵਿਰੋਧ ਕਬਜ਼ਾ

ਆਰ.ਸਿੰਘ, ਪੰਜਾਬੀ ਜਾਗਰਣ
ਸੁਜਾਨਪੁਰ : ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਦੀ ਟੀਚਰਜ਼ ਐਸੋਸੀਏਸ਼ਨ (ਜੀਐੱਨਡੀਯੂਟੀਏ) ਦੀਆਂ ਸਾਲਾਨਾ ਚੋਣਾਂ ਵਿੱਚ ਯੂਨੀਵਰਸਿਟੀ ਫੈਕਲਟੀ ਡਿਵੈਲਪਮੈਂਟ ਐਸੋਸੀਏਸ਼ਨ (ਯੂਐੱਫਡੀਏ) ਨੇ ਆਪਣੀ ਮਜ਼ਬੂਤ ਸਥਿਤੀ ਦਾ ਪ੍ਰਗਟਾਵਾ ਕਰਦਿਆਂ ਸਾਰੇ 11 ਅਹੁਦਿਆਂ ’ਤੇ ਨਿਰਵਿਰੋਧ ਜਿੱਤ ਹਾਸਲ ਕੀਤੀ ਹੈ। ਚੋਣਾਂ ਦੌਰਾਨ ਕਿਸੇ ਵੀ ਅਹੁਦੇ ਲਈ ਮੁਕਾਬਲਾ ਨਾ ਹੋਣਾ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਸਮੁੱਚੀ ਟੀਮ ਵਿੱਚ ਪ੍ਰਗਟਾਏ ਗਏ ਭਰੋਸੇ ਅਤੇ ਏਕਤਾ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਇਸ ਚੋਣ ਵਿੱਚ ਡਾ. ਵਿਕਰਮ ਸੰਧੂ ਨੂੰ ਪ੍ਰਧਾਨ, ਡਾ. ਬਲਜਿੰਦਰ ਸਿੰਘ ਨੂੰ ਮੀਤ ਪ੍ਰਧਾਨ, ਡਾ. ਜਤਿੰਦਰ ਵੀਰ ਸਿੰਘ ਨੂੰ ਸਕੱਤਰ, ਡਾ. ਗੁਰਪ੍ਰੀਤ ਸਿੰਘ ਨੂੰ ਸੰਯੁਕਤ ਸਕੱਤਰ ਅਤੇ ਪ੍ਰਤੀਕ ਭਗਤ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਡਾ. ਅਲੀਸ਼ਾ ਚੌਹਾਨ, ਡਾ. ਬਲਰਾਜਜੀਤ ਸਿੰਘ, ਡਾ. ਗੁਰਚਰਨਜੀਤ ਸਿੰਘ, ਡਾ. ਜੈਦੀਪ ਸਿੰਘ, ਡਾ. ਨਿਰਮਲਾ ਦੇਵੀ ਅਤੇ ਡਾ. ਸਤਿੰਦਰ ਕੌਰ ਵੀ ਟੀਮ ਦੇ ਮੈਂਬਰਾਂ ਵਜੋਂ ਨਿਰਵਿਰੋਧ ਚੁਣੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵ-ਨਿਯੁਕਤ ਖ਼ਜ਼ਾਨਚੀ ਪ੍ਰਤੀਕ ਭਗਤ ਸੁਜਾਨਪੁਰ ਨੇ ਦੱਸਿਆ ਕਿ ਨਵੀਂ ਚੁਣੀ ਗਈ ਟੀਮ ਯੂਨੀਵਰਸਿਟੀ ਦੇ ਅਧਿਆਪਕਾਂ ਦੀਆਂ ਸਮੱਸਿਆਵਾਂ, ਹਿੱਤਾਂ ਅਤੇ ਉਮੀਦਾਂ ਨੂੰ ਯੋਗ ਮੰਚ ਪ੍ਰਦਾਨ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵਿੱਚ ਆਪਸੀ ਸਹਿਯੋਗ, ਏਕਤਾ ਅਤੇ ਅਕਾਦਮਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਯੂਨੀਵਰਸਿਟੀ ਦੀ ਬਿਹਤਰੀ ਲਈ ਸਾਂਝੇ ਯਤਨ ਕੀਤੇ ਜਾਣਗੇ। ਸਾਰੇ 11 ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਅਧਿਆਪਕ ਵਰਗ ਦੀ ਸਮੂਹਿਕ ਸਹਿਮਤੀ ਅਤੇ ਨਵੀਂ ਟੀਮ ਪ੍ਰਤੀ ਵਿਸ਼ਵਾਸ ਨੂੰ ਦਰਸਾਉਂਦਾ ਹੈ।