ਹੈਰੋਇਨ ਸਮੇਤ ਦੋ ਗ੍ਰਿਫ਼ਤਾਰ, ਮੋਟਰਸਾਈਕਲ ਕੀਤਾ ਜ਼ਬਤ 9 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ,
Publish Date: Wed, 18 Nov 2026 06:50 PM (IST)
Updated Date: Thu, 19 Nov 2026 04:07 AM (IST)
ਫੋਟੋ : ਪੁਲਿਸ ਵੱਲੋਂ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨਾਲ ਪੁਲਿਸ ਪਾਰਟੀ। ਹਰਪ੍ਰੀਤ ਹੈਰੀ, ਪੰਜਾਬੀ ਜਾਗਰਣ ਪਠਾਨਕੋਟ : ਥਾਣਾ-1 ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ 9 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਸ਼ੀਲੇ ਪਦਾਰਥ ਤੋਂ ਇਲਾਵਾ ਵਾਰਦਾਤ ’ਚ ਵਰਤਿਆ ਜਾ ਰਿਹਾ ਇਕ ਮੋਟਰਸਾਈਕਲ ਵੀ ਕਬਜ਼ੇ ’ਚ ਲਿਆ ਹੈ। ਜਾਣਕਾਰੀ ਅਨੁਸਾਰ 17 ਨਵੰਬਰ 2026 ਨੂੰ ਏਐੱਸਆਈ ਪਵਨ ਕੁਮਾਰ ਪੁਲਿਸ ਪਾਰਟੀ ਸਮੇਤ ਡਾਕਖਾਨਾ ਚੌਕ ਤੋਂ ਖੱਡੀ ਪੁਲ ਤੇ ਲਮੀਨੀ ਸਟੇਡੀਅਮ ਵੱਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਦੋਂ ਪੁਲਿਸ ਪਾਰਟੀ ਸਰਕਾਰੀ ਕਾਲਜ ਲਮੀਨੀ ਤੋਂ ਕੁਝ ਅੱਗੇ ਪਹੁੰਚੀ ਤਾਂ ਕਾਲਜ ਤੇ ਲਮੀਨੀ ਸਟੇਡੀਅਮ ਵਿਚਕਾਰ ਕੱਚੇ ਰਸਤੇ ਤੇ ਇਕ ਮੋਟਰਸਾਈਕਲ ਖੜ੍ਹਾ ਦਿਖਾਈ ਦਿੱਤਾ, ਜਿਸ ਕੋਲ ਦੋ ਨੌਜਵਾਨ ਖੜ੍ਹੇ ਸਨ। ਪੁਲਿਸ ਪਾਰਟੀ ਨੂੰ ਦੇਖ ਕੇ ਦੋਵੇਂ ਘਬਰਾ ਗਏ। ਇਸੇ ਦੌਰਾਨ ਇਕ ਨੌਜਵਾਨ ਨੇ ਆਪਣੀ ਲੋਅਰ ਦੀ ਸੱਜੀ ਜੇਬ ’ਚੋਂ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਕੱਢ ਕੇ ਜ਼ਮੀਨ ਤੇ ਸੁੱਟ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਦੋਵਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਸੋਨੂੰ ਪੁੱਤਰ ਪ੍ਰੇਮ ਲਾਲ ਤੇ ਮੁਨੀਸ਼ ਕੁਮਾਰ ਪੁੱਤਰ ਜਤਿੰਦਰ ਕੁਮਾਰ, ਵਾਸੀ ਵਿਸ਼ਨੂੰ ਨਗਰ, ਲਮੀਨੀ, ਪਠਾਨਕੋਟ ਵਜੋਂ ਹੋਈ। ਪੁਲਿਸ ਵੱਲੋਂ ਜ਼ਮੀਨ ਤੇ ਸੁੱਟੇ ਗਏ ਲਿਫ਼ਾਫ਼ੇ ਦੀ ਜਾਂਚ ਕਰਨ ਤੇ ਉਸ ’ਚੋਂ ਹੈਰੋਇਨ ਵਰਗਾ ਪਦਾਰਥ ਬਰਾਮਦ ਹੋਇਆ, ਜਿਸ ਦਾ ਲਿਫ਼ਾਫ਼ੇ ਸਮੇਤ ਇਲੈਕਟ੍ਰਾਨਿਕ ਕੰਡੇ ਤੇ ਵਜ਼ਨ ਕਰਨ ਤੇ 9 ਗ੍ਰਾਮ ਪਾਇਆ ਗਿਆ। ਪੁਲਿਸ ਨੇ ਨਿਯਮਾਂ ਅਨੁਸਾਰ ਬਰਾਮਦਗੀ ਨੂੰ ਸੀਲ ਕਰਕੇ ਕਬਜ਼ੇ ’ਚ ਲੈ ਲਿਆ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲ ਖੜ੍ਹਾ ਕਾਲੇ ਰੰਗ ਦਾ ਪਲੈਟੀਨਾ ਮੋਟਰਸਾਈਕਲ (ਪੀਬੀ 35 ਏਆਰ 7315) ਵੀ ਜ਼ਬਤ ਕਰ ਲਿਆ ਗਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।