- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿੰਗਾਰਮਾ ਅਤੇ ਜਲਾਲੀਆ ਦਰਿਆ ’ਤੇ ਦੋ ਵੱਡੇ ਪੁਲਾਂ

ਸੁਖਵਿੰਦਰ ਸਿੰਘ ,ਪੰਜਾਬੀ ਜਾਗਰਣ
ਭੋਆ - ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਸ਼ਿੰਗਾਰਮਾ ਅਤੇ ਜਲਾਲੀਆ ਦਰਿਆ ’ਤੇ ਦੋ ਵੱਡੇ ਪੁਲਾਂ ਦੀ ਉਸਾਰੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਦੋਵੇਂ ਪੁਲਾਂ ਦੀ ਉਸਾਰੀ ’ਤੇ ਕੁੱਲ ਕਰੀਬ 40 ਕਰੋੜ 18 ਲੱਖ ਰੁਪਏ ਦੀ ਲਾਗਤ ਆਵੇਗੀ। ਦੋਵੇਂ ਪੁਲਾਂ ਦੇ ਟੈਂਡਰ ਖੁੱਲ੍ਹ ਚੁੱਕੇ ਹਨ ਅਤੇ ਕੰਮ ਕੰਪਨੀਆਂ ਨੂੰ ਅਲਾਟ ਕਰ ਦਿੱਤਾ ਗਿਆ ਹੈ। ਇਨ੍ਹਾਂ ਪੁਲਾਂ ਦਾ ਉਸਾਰੀ ਕਾਰਜ ਜਲਦ ਹੀ, ਇਸੇ ਮਹੀਨੇ ਸ਼ੁਰੂ ਕਰ ਦਿੱਤਾ ਜਾਵੇਗਾ।
ਇਹ ਜਾਣਕਾਰੀ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਸ਼ਿੰਗਾਰਮਾ ਅਤੇ ਜਲਾਲੀਆ ਦਰਿਆ ਦਾ ਵਿਸ਼ੇਸ਼ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਇਨ੍ਹਾਂ ਥਾਵਾਂ ’ਤੇ ਪੁਲਾਂ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕਰਦਿਆਂ ਇਨ੍ਹਾਂ ਮਹੱਤਵਪੂਰਨ ਪੁਲਾਂ ਦੀ ਉਸਾਰੀ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹਲਕਾ ਭੋਆ ਵਿੱਚ ਪਿਛਲੇ ਲੰਮੇ ਸਮੇਂ ਤੋਂ ਰੁਕੇ ਹੋਏ ਸੜਕ ਨਿਰਮਾਣ ਕਾਰਜਾਂ ਨੂੰ ਹੁਣ ਜੰਗੀ ਪੱਧਰ ’ਤੇ ਮੁਕੰਮਲ ਕੀਤਾ ਜਾ ਰਿਹਾ ਹੈ। ਕਈ ਸੜਕਾਂ ਦੇ ਕੰਮ ਮੁਕੰਮਲ ਹੋ ਚੁੱਕੇ ਹਨ, ਜਦਕਿ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਆਉਣ ਵਾਲੇ ਦਿਨਾਂ ਵਿੱਚ ਮੁਕੰਮਲ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਡੇ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜਲਾਲੀਆ ਵਿਖੇ ਬਣਨ ਵਾਲਾ ਪੁਲ ਲਗਭਗ 154 ਮੀਟਰ ਲੰਬਾ ਅਤੇ 34 ਫੁੱਟ ਚੌੜਾ ਹੋਵੇਗਾ, ਜਿਸ ’ਤੇ ਫੁੱਟਪਾਥ ਦੀ ਵੀ ਵਿਵਸਥਾ ਹੋਵੇਗੀ। ਇਸ ਪੁਲ ਦੀ ਉਸਾਰੀ ’ਤੇ ਕਰੀਬ 19 ਕਰੋੜ 8 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਸ਼ਿੰਗਾਰਮਾ ਵਿਖੇ ਲਗਭਗ 164 ਮੀਟਰ ਲੰਬੇ ਅਤੇ 34 ਫੁੱਟ ਚੌੜੇ ਪੁਲ ਦੀ ਉਸਾਰੀ ਕਰਵਾਈ ਜਾਵੇਗੀ, ਜਿਸ ’ਤੇ ਕਰੀਬ 21 ਕਰੋੜ 8 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਪੁਲਾਂ ਦੇ ਨਿਰਮਾਣ ਨਾਲ ਰਾਵੀ ਦਰਿਆ ਤੋਂ ਪਾਰ ਵਸਦੇ ਲਗਭਗ 65 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਨ੍ਹਾਂ ਪੁਲਾਂ ਦੇ ਬਣਨ ਨਾਲ ਲੋਕਾਂ ਲਈ ਇੱਕ ਪਾਸੇ ਤੋਂ ਦੂਜੇ ਪਾਸੇ ਆਉਣ-ਜਾਣ ਦਾ ਰਸਤਾ ਹੋਰ ਸੁਖਾਲਾ ਅਤੇ ਸੁਰੱਖਿਅਤ ਹੋਵੇਗਾ। ਇਸ ਤੋਂ ਇਲਾਵਾ ਸਰਹੱਦੀ ਖੇਤਰ ਹੋਣ ਕਾਰਨ ਪ੍ਰਸ਼ਾਸਨ, ਫੌਜ ਅਤੇ ਬੀਐੱਸਐੱਫ ਦੇ ਜਵਾਨਾਂ ਨੂੰ ਵੀ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੀ ਉਸਾਰੀ ਨਾਲ ਸਰਹੱਦੀ ਖੇਤਰ ਵਿੱਚ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ ਅਤੇ ਇਲਾਕੇ ਦੇ ਵਿਕਾਸ ਨੂੰ ਵੀ ਨਵੀਂ ਗਤੀ ਮਿਲੇਗੀ।
ਇਸ ਮੌਕੇ ਬਲਾਕ ਪ੍ਰਧਾਨ ਰਵੀ ਕੁਮਾਰ ਜਗਤਪੁਰ, ਸਰਪੰਚ ਦੀਪਕ ਕੁਮਾਰ ਗਤੋਰਾ, ਸਰਪੰਚ ਅਮਰਜੀਤ ਸੈਣੀ ਜਗਤਪੁਰ, ਸਰਪੰਚ ਜਗਦੇਵ ਸਿੰਘ ਨਵਾਲਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਇਲਾਕਾ ਵਾਸੀ ਹਾਜ਼ਰ ਸਨ।