
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

200 ਫੁੱਟ ਉੱਚੇ ਟਾਵਰ ’ਤੇ 72 ਘੰਟਿਆਂ ਤੋਂ ਡਟੇ ਦੋ ਬਜ਼ੁਰਗ,

ਆਰ.ਸਿੰਘ, ਪੰਜਾਬੀ ਜਾਗਰਣ, ਸ਼ਾਹਪੁਰਕੰਡੀ/ਪਠਾਨਕੋਟ : ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਨਾਲ ਸਬੰਧਿਤ ਦੋ ਬਜ਼ੁਰਗਾਂ ਵੱਲੋਂ 79 ਵਿਸਥਾਪਿਤ ਪਰਿਵਾਰਾਂ ਦੇ ਹੱਕਾਂ ਲਈ ਸ਼ੁਰੂ ਕੀਤਾ ਸੰਘਰਸ਼ ਗੰਭੀਰ ਰੂਪ ਧਾਰਨ ਕਰ ਗਿਆ ਹੈ। 85 ਸਾਲਾਂ ਸ਼ਰਮ ਸਿੰਘ ਅਤੇ 81 ਸਾਲਾਂ ਕੁਲਵਿੰਦਰ ਸਿੰਘ ਪਿਛਲੇ 72 ਘੰਟਿਆਂ ਤੋਂ ਕਰੀਬ 200 ਫੁੱਟ ਉੱਚੇ ਹਾਈ ਵੋਲਟੇਜ ਟਾਵਰ ’ਤੇ ਡਟੇ ਹੋਏ ਹਨ। ਲਗਾਤਾਰ ਮੀਂਹ ਅਤੇ ਤੇਜ਼ ਧੁੱਪ ਦੇ ਬਾਵਜੂਦ ਦੋਵੇਂ ਬਜ਼ੁਰਗ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਹੇਠਾਂ ਉਤਰਨ ਤੋਂ ਇਨਕਾਰ ਕਰ ਰਹੇ ਹਨ।
ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਦੋਵੇਂ ਬਜ਼ੁਰਗਾਂ ਦੀ ਉਮਰ 80 ਸਾਲ ਤੋਂ ਵੱਧ ਹੈ ਅਤੇ ਲੰਬੇ ਸਮੇਂ ਤੋਂ ਟਾਵਰ ’ਤੇ ਰਹਿਣ ਕਾਰਨ ਉਨ੍ਹਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਵੇਂ ਬਜ਼ੁਰਗਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।
ਦਿਆਲ ਸਿੰਘ ਅਨੁਸਾਰ ਜੈਨੀ ਜੁਗਿਆਲ ਦੇ 79 ਵਿਸਥਾਪਿਤ ਪਰਿਵਾਰਾਂ ਦਾ ਮੁੱਖ ਮਸਲਾ 32 ਵਿਅਕਤੀਆਂ ਨੂੰ ਕਥਿਤ ਤੌਰ ’ਤੇ ਨਿਯਮਾਂ ਦੇ ਉਲਟ ਦਿੱਤੀਆਂ ਨੌਕਰੀਆਂ ਨਾਲ ਸਬੰਧਿਤ ਹੈ। ਕਮੇਟੀ ਦੀ ਮੰਗ ਹੈ ਕਿ ਇਨ੍ਹਾਂ 32 ਕਰਮਚਾਰੀਆਂ ਦੇ ਮਾਮਲੇ ਦੀ ਜਾਂਚ ਕਰਕੇ ਯੋਗ ਕਾਰਵਾਈ ਕੀਤੀ ਜਾਵੇ ਅਤੇ ਪ੍ਰਭਾਵਿਤ 79 ਪਰਿਵਾਰਾਂ ਦੇ ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਬੈਠਕ ਲਈ ਸੱਦਾ ਦਿੱਤਾ ਗਿਆ ਹੈ ਪਰ ਸੰਘਰਸ਼ ਕਰ ਰਹੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੀਆਂ ਮੰਗਾਂ ’ਤੇ ਠੋਸ ਕਾਰਵਾਈ ਕੀਤੀ ਜਾਵੇ। ਦਿਆਲ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਬਜ਼ੁਰਗ ਦੀ ਸਿਹਤ ਵਿਗੜਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਬੰਨ੍ਹ ਪ੍ਰਸ਼ਾਸਨ ਦੀ ਹੋਵੇਗੀ।
ਇਸ ਸਬੰਧੀ ਬੰਨ੍ਹ ਪ੍ਰਸ਼ਾਸਨ ਦੇ ਸੁਪਰਡੈਂਟ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਨੂੰ ਬੈਠਕ ਦਾ ਪ੍ਰਸਤਾਵ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਕੱਢਿਆ ਜਾ ਸਕਦਾ ਹੈ। ਪ੍ਰਸ਼ਾਸਨ ਵੱਲੋਂ ਮੌਕੇ ’ਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।