- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਦਰੋਆ ਦੇ ਘਰ ਦੀ ਦੂਜੀ ਮੰਜ਼ਿਲ ’ਤੇ ਮ੍ਰਿਤਕ ਮਿਲਿਆ ਤ੍ਰਿਣਵ ਸ਼ਰਮਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਭਦਰੋਆ ਦੇ ਅੰਬੇਡਕਰ ਨਗਰ ’ਚ ਉਦੋਂ ਸਨਸਨੀ ਫੈਲ ਗਈ, ਜਦੋਂ ਘਰ ਦੀ ਦੂਜੀ ਮੰਜ਼ਿਲ ਤੋਂ ਤ੍ਰਿਣਵ ਸ਼ਰਮਾ ਦੀ ਲਾਸ਼ ਬਰਾਮਦ ਹੋਈ। ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਟਿਊਸ਼ਨ ਪੜ੍ਹਨ ਗਿਆ ਤ੍ਰਿਣਵ ਦੇਰ ਸ਼ਾਮ ਤੱਕ ਵਾਪਸ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਕੀਤੀ ਗਈ ਤਾਂ ਘਰ ਦੇ ਅੰਦਰੋਂ ਬੰਦ ਦਰਵਾਜ਼ੇ ਖੁੱਲ੍ਹਵਾਉਣ ’ਤੇ ਇਹ ਦੁਖਦਾਈ ਘਟਨਾ ਸਾਹਮਣੇ ਆਈ।
ਇਸ ਸਬੰਧੀ ਲਮੀਨੀ ਵਾਸੀ ਨਾਨਾ ਮਦਨ ਮੋਹਨ ਸ਼ਰਮਾ ਨੇ ਦੱਸਿਆ ਕਿ 23 ਨਵੰਬਰ ਦੀ ਸ਼ਾਮ ਨੂੰ ਤ੍ਰਿਣਵ ਦੇ ਪਿਤਾ ਰਾਜੇਸ਼ ਸ਼ਰਮਾ ਆਪਣੀ ਪਤਨੀ ਨਾਲ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਵਿਖੇ ਜਾਂਚ ਕਰਵਾਉਣ ਗਏ ਸਨ। ਉਹ ਆਪਣੇ ਵੱਡੇ ਪੁੱਤਰ ਤ੍ਰਿਣਵ ਸ਼ਰਮਾ ਤੇ ਧੀ ਆਰਾਧਿਆ ਨੂੰ ਲਮੀਨੀ ਵਿਖੇ ਨਾਨਕੇ ਘਰ ਛੱਡ ਗਏ ਸਨ। 24 ਨਵੰਬਰ ਨੂੰ ਗੁਰਪੁਰਬ ਦੀ ਛੁੱਟੀ ਹੋਣ ਕਾਰਨ ਤ੍ਰਿਣਵ ਸ਼ਾਮ ਸਮੇਂ ਸਕੂਟੀ ਲੈ ਕੇ ਟਿਊਸ਼ਨ ਪੜ੍ਹਨ ਗਿਆ ਸੀ। ਜਦੋਂ ਤ੍ਰਿਣਵ ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਵਾਪਸ ਨਾ ਆਇਆ ਤਾਂ ਮਦਨ ਮੋਹਨ ਸ਼ਰਮਾ ਨੇ ਉਸ ਦੇ ਪਿਤਾ ਰਾਜੇਸ਼ ਸ਼ਰਮਾ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ। ਰਾਜੇਸ਼ ਸ਼ਰਮਾ ਵੱਲੋਂ ਟਿਊਸ਼ਨ ਅਧਿਆਪਕ ਨਾਲ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਤ੍ਰਿਣਵ ਪੜ੍ਹਾਈ ਤੋਂ ਬਾਅਦ ਉੱਥੋਂ ਚਲਾ ਗਿਆ ਸੀ। ਮਦਨ ਮੋਹਨ ਸ਼ਰਮਾ ਨੇ ਭਦਰੋਆ ਦੇ ਅੰਬੇਡਕਰ ਨਗਰ ’ਚ ਗੁਆਂਢੀਆਂ ਨਾਲ ਸੰਪਰਕ ਕੀਤਾ ਤੇ ਖ਼ੁਦ ਉਸਦੇ ਘਰ ਪੁੱਜੇ। ਘਰ ਦਾ ਮੁੱਖ ਗੇਟ ਖੋਲ੍ਹ ਕੇ ਅੰਦਰ ਜਾਣ ’ਤੇ ਕਮਰਾ ਅੰਦਰੋਂ ਬੰਦ ਸੀ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਆਵਾਜ਼ਾਂ ਮਾਰਨ ਦੇ ਬਾਵਜੂਦ ਕੋਈ ਜਵਾਬ ਨਾ ਮਿਲਣ ’ਤੇ ਉਨ੍ਹਾਂ ਨੇ ਕਾਰਪੇਂਟਰ ਨੂੰ ਬੁਲਾ ਕੇ ਖਿੜਕੀ ਦਾ ਕੁਝ ਹਿੱਸਾ ਖੁੱਲ੍ਹਵਾਇਆ ਤੇ ਅੰਦਰ ਦਾਖ਼ਲ ਹੋ ਕੇ ਦਰਵਾਜ਼ੇ ਖੋਲ੍ਹੇ। ਜਦੋਂ ਉਹ ਘਰ ਦੀ ਦੂਜੀ ਮੰਜ਼ਿਲ ’ਤੇ ਪਹੁੰਚੇ ਤਾਂ ਤ੍ਰਿਣਵ ਮ੍ਰਿਤਕ ਹਾਲਤ ਵਿੱਚ ਮਿਲਿਆ। ਉਸ ਦੇ ਕੋਲ ਲੋਹੇ ਦਾ ਐਂਗਲ ਅਤੇ ਚੁੰਨੀ ਪਈ ਹੋਈ ਸੀ। ਉਸ ਦੇ ਹੱਥ-ਪੈਰ ਵੀ ਬੰਨ੍ਹੇ ਹੋਏ ਸਨ। ਘਟਨਾ ਦੀ ਸੂਚਨਾ ਤੁਰੰਤ ਤ੍ਰਿਣਵ ਦੇ ਮਾਪਿਆਂ ਤੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।