- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਰੋਲ ਬਾਲ ਟੀਮ ਦੇ ਸਿਖਲਾਈ ਕੈਂਪ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਖੇਡਾਂ ਦੇ ਖੇਤਰ ਵਿੱਚ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਵਿਦਿਆਰਥੀ ਸਟੈਨਜ਼ੇਨ ਦੋਰਜੇ ਨੇ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਇਕ ਹੋਰ ਮਾਣਮੱਤੀ ਪ੍ਰਾਪਤੀ ਸਕੂਲ ਦੀ ਝੋਲੀ ਪਾਈ ਹੈ। ਸਟੈਨਜ਼ੇਨ ਦੋਰਜੇ ਦੀ ਚੋਣ ਦੂਜੇ ਜੂਨੀਅਰ ਰੋਲ ਬਾਲ ਵਿਸ਼ਵ ਕੱਪ-2026 ਦੀਆਂ ਤਿਆਰੀਆਂ ਲਈ ਭਾਰਤੀ ਟੀਮ ਦੇ ਸਿਖਲਾਈ ਕੈਂਪ ਵਾਸਤੇ ਹੋਈ ਹੈ। ਉਸਦੀ ਇਸ ਪ੍ਰਾਪਤੀ ਨਾਲ ਸਕੂਲ ਦੇ ਨਾਲ-ਨਾਲ ਸਮੁੱਚੇ ਪਠਾਨਕੋਟ ਖੇਤਰ ਦਾ ਮਾਣ ਵਧਿਆ ਹੈ। ਵਿਸ਼ਵ ਕੱਪ ਦੇ ਮੁਕਾਬਲੇ 6 ਤੋਂ 9 ਦਸੰਬਰ ਤੱਕ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਚੁਣੇ ਗਏ ਖਿਡਾਰੀਆਂ ਲਈ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਜਾਵੇਗਾ, ਜੋ 4 ਦਸੰਬਰ ਦੀ ਸਵੇਰ ਨੂੰ ਸਮਾਪਤ ਹੋਵੇਗਾ। ਭਾਰਤੀ ਟੀਮ ਵਿਸ਼ਵ ਪੱਧਰੀ ਮੁਕਾਬਲੇ ’ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਸਟੈਨਜ਼ੇਨ ਦੀ ਚੋਣ ਉਸ ਦੀ ਮਿਹਨਤ, ਲਗਨ, ਖੇਡ ਪ੍ਰਤੀ ਸਮਰਪਣ ਤੇ ਲਗਾਤਾਰ ਬਿਹਤਰ ਪ੍ਰਦਰਸ਼ਨ ਦਾ ਨਤੀਜਾ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਕਿ ਸਕੂਲ ਵੱਲੋਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਪ੍ਰਿੰਸੀਪਲ ਸ਼ੁਭਰਾ ਰਾਣੀ ਨੇ ਵੀ ਸਟੈਨਜ਼ੇਨ ਦੋਰਜੇ, ਉਸ ਦੇ ਮਾਪਿਆਂ ਅਤੇ ਕੋਚਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਟੈਨਜ਼ੇਨ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਤੇ ਸਕੂਲ ਦਾ ਨਾਂ ਰੋਸ਼ਨ ਕਰੇਗਾ।