ਹਲਕਾ ਭੋਆ ਵਿੱਚ ਟੀਨਾ ਚੌਧਰੀ ਵੱਲੋਂ ਵਿਸ਼ਾਲ ਰੋਡ ਸ਼ੋਅ ਹਲਕਾ ਭੋਆ ਵਿੱਚ ਟੀਨਾ ਚੌਧਰੀ ਵੱਲੋਂ ਵਿਸ਼ਾਲ ਰੋਡ ਸ਼ੋਅ
Publish Date: Sat, 28 Nov 2026 04:45 PM (IST)
Updated Date: Sat, 28 Nov 2026 04:46 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਆ : ਕਾਂਗਰਸ ਦੀ ਬੁਲਾਰਾ ਟੀਨਾ ਚੌਧਰੀ ਵੱਲੋਂ ਹਲਕਾ ਭੋਆ ਵਿੱਚ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਦੇ ਸਹਿਯੋਗ ਨਾਲ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਪਿੰਡ ਗੋਬਿੰਦਸਰ ਤੋਂ ਸਵੇਰੇ 11 ਵਜੇ ਸ਼ੁਰੂ ਹੋਇਆ ਇਹ ਰੋਡ ਸ਼ੋਅ ਬਾਰਠ ਸਾਹਿਬ, ਮਲਕਪੁਰ, ਜਸਵਾਲੀ, ਲੱਧ, ਪਾਲਮਾ ਟੋਲ ਪਲਾਜ਼ਾ, ਪਰਮਾਨੰਦ, ਤਾਰਾਗੜ੍ਹ, ਕਥਲੋਰ, ਨਰੋਟ ਜੈਮਲ ਸਿੰਘ ਅਤੇ ਬਮਿਆਲ ਸਮੇਤ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਮੁੜ ਗੋਬਿੰਦਸਰ ਵਿਖੇ ਸਮਾਪਤ ਹੋਇਆ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਲੋਕਾਂ ਵੱਲੋਂ ਟੀਨਾ ਚੌਧਰੀ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਧੋਥੜਾ ਦੇ ਧਰੁਵ ਸੈਣੀ ਅਤੇ ਅੰਕੁਸ਼ ਸ਼ਰਮਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ। ਉੱਧਰ, ਰੋਡ ਸ਼ੋਅ ਦੌਰਾਨ ਐਨਐਚਆਈ ਦੇ ਮੁਲਾਜ਼ਮਾਂ ਨੇ ਵੀ ਟੀਨਾ ਚੌਧਰੀ ਨੂੰ ਮੰਗ ਪੱਤਰ ਸੌਂਪ ਕੇ ਬਰਾਬਰ ਕੰਮ ਦੇ ਬਦਲੇ ਬਰਾਬਰ ਹੱਕ ਅਤੇ ਹਿੱਸੇਦਾਰੀ ਦੇਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਟੀਨਾ ਚੌਧਰੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਐਸਸੀ ਸੈੱਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਨ੍ਹਾਂ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਭੋਆ ਤੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਰੋਡ ਸ਼ੋਅ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਔਰਤਾਂ ਨੂੰ ਬਰਾਬਰ ਦੇ ਹੱਕ ਤੇ ਮਾਣ-ਸਤਿਕਾਰ ਦਿਵਾਉਣ ਲਈ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪਿੰਡਾਂ ਅਤੇ ਮੁਹੱਲਿਆਂ ਵਿੱਚ ਨਸ਼ਿਆਂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਹਲਕਾ ਭੋਆ ਵਿੱਚ ਮਾਈਨਿੰਗ ਦਾ ਮੁੱਦਾ ਵੀ ਉਠਾਇਆ। ਇਸ ਮੌਕੇ ਪ੍ਰਿੰਸ ਸਲਾਰੀਆ, ਪਰਮ ਸ਼ਰਮਾ, ਅਮਿਤ ਸ਼ਰਮਾ, ਸ਼ੁਭਮ ਸੈਣੀ, ਜਸਬੀਰ ਸਿਹੋੜਾ, ਸੁਭਾਸ਼ ਤਾਰਾਗੜ੍ਹ, ਕੁਲਜਿੰਦਰ, ਰਾਜੀਵ ਬੈਂਸ ਅਤੇ ਅਨਿਲ ਕੁਮਾਰ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ। ਅਖੀਰ ਵਿੱਚ ਟੀਨਾ ਚੌਧਰੀ ਨੇ ਰੋਡ ਸ਼ੋਅ ਨੂੰ ਸਫਲ ਬਣਾਉਣ ਲਈ ਸਾਰੇ ਵਰਕਰਾਂ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ।