
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਉਨ੍ਹਾਂ ਈਡੀ ਅਤੇ ਸੀਬੀਆਈ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ। ਭੋਆ ਹਲਕੇ ਦੇ ਦਤਿਆਲ, ਫਿਰੋਜ਼ਾ ਅਤੇ ਮੰਜਿਰੀ ਇਲਾਕਿਆਂ ’ਚ ਕਥਿਤ ਨਾਜਾਇਜ਼ ਕਰੈਸ਼ਰਾਂ ਅਤੇ ਮਾਈਨਿੰਗ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ’ਚ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ 92 ਏਕੜ ਜ਼ਮੀਨ ’ਤੇ ਈਡੀ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦੀ ਰਿਪੋਰਟ ਜਨਤਕ ਕੀਤੀ ਜਾਣੀ ਚਾਹੀਦੀ ਹੈ।

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਆ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬੁਲਾਰਾ ਅਤੇ ਭੋਆ ਹਲਕੇ ਦੀ ਆਗੂ ਟੀਨਾ ਚੌਧਰੀ ਨੇ ਗੋਵਿੰਦਸਰ ਸਥਿਤ ਆਪਣੀ ਰਿਹਾਇਸ਼ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਘੇਰਿਆ। ਉਨ੍ਹਾਂ ਪੰਜਾਬ ’ਚ ਕਥਿਤ 500 ਕਰੋੜ ਰੁਪਏ ਦੇ ਹਾਈਬ੍ਰਿਡ ਬੀਜ ਘੁਟਾਲੇ, ਭੋਆ ਹਲਕੇ ’ਚ ਨਾਜਾਇਜ਼ ਮਾਈਨਿੰਗ, ਨਸ਼ਿਆਂ ਦੀ ਤਸਕਰੀ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਨਾ ਮਿਲਣ ਦੇ ਮੁੱਦੇ ਉਠਾਏ।
ਟੀਨਾ ਚੌਧਰੀ ਨੇ ਦੋਸ਼ ਲਗਾਇਆ ਕਿ ਹਾਈਬ੍ਰਿਡ ਬੀਜਾਂ ਦੇ ਮਾਮਲੇ ’ਚ ਨਵਦੁਰਗਾ ਟ੍ਰੇਡਿੰਗ ਕੰਪਨੀ ਨੂੰ ਟੈਂਡਰ ਦੇ ਕੇ ਕਥਿਤ ਤੌਰ ’ਤੇ ਜਾਅਲੀ ਬਿੱਲ ਤੇ ਵਾਊਚਰ ਤਿਆਰ ਕੀਤੇ ਗਏ, ਜਦਕਿ ਕਿਸਾਨਾਂ ਨੂੰ ਬੀਜ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕਿਸਾਨ ਵਿੰਗ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ ਅਤੇ ਜਨਹਿਤ ਅਧਿਕਾਰ ਭਲਾਈ ਐਸੋਸੀਏਸ਼ਨ ਦੇ ਮਨਜੀਤ ਸਿੰਘ ਨਾਲ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਹੈ।
ਉਨ੍ਹਾਂ ਈਡੀ ਅਤੇ ਸੀਬੀਆਈ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ। ਭੋਆ ਹਲਕੇ ਦੇ ਦਤਿਆਲ, ਫਿਰੋਜ਼ਾ ਅਤੇ ਮੰਜਿਰੀ ਇਲਾਕਿਆਂ ’ਚ ਕਥਿਤ ਨਾਜਾਇਜ਼ ਕਰੈਸ਼ਰਾਂ ਅਤੇ ਮਾਈਨਿੰਗ ਦਾ ਮੁੱਦਾ ਚੁੱਕਦਿਆਂ ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ’ਚ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ 92 ਏਕੜ ਜ਼ਮੀਨ ’ਤੇ ਈਡੀ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦੀ ਰਿਪੋਰਟ ਜਨਤਕ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਭਾਜਪਾ ਆਗੂ ਅਸ਼ਵਨੀ ਸ਼ਰਮਾ ਤੋਂ ਵੀ ਇਸ ਮਾਮਲੇ ’ਚ ਸਪੱਸ਼ਟੀਕਰਨ ਮੰਗਿਆ। ਨਸ਼ਿਆਂ ਦੇ ਮੁੱਦੇ ’ਤੇ ਟੀਨਾ ਚੌਧਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਂਦਿਆਂ ਦੋਸ਼ ਲਗਾਇਆ ਕਿ ਭੋਆ ਦੇ ਸਰਹੱਦੀ ਖੇਤਰ ’ਚ ਨਸ਼ਿਆਂ ਦੀ ਤਸਕਰੀ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਵੱਡੇ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਭੋਆ ਹਲਕੇ ਦੇ ਕਰੀਬ 60 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਕਈ ਲੋੜਵੰਦ ਪਰਿਵਾਰ ਅਜੇ ਵੀ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ। ਕੋਲਾਨ ਖੇਤਰ ਦੀ ਸਮੱਸਿਆ ਵੱਲ ਧਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਨਾਲਿਆਂ ਅਤੇ ਹੜ੍ਹਾਂ ਕਾਰਨ ਇਲਾਕੇ ਦੇ ਲੋਕ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਮੁਆਵਜ਼ੇ ਦੀ ਵੰਡ ’ਚ ਵੀ ਪੱਖਪਾਤ ਕੀਤਾ ਗਿਆ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਟੀਨਾ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਭੋਆ ਹਲਕੇ ’ਚ ਕਾਂਗਰਸ ਕੋਲ 10 ਤੋਂ 15 ਮਜ਼ਬੂਤ ਦਾਅਵੇਦਾਰ ਹਨ ਅਤੇ ਹਾਈਕਮਾਨ ਵੱਲੋਂ ਜਿਸ ਨੂੰ ਵੀ ਟਿਕਟ ਦਿੱਤੀ ਜਾਵੇਗੀ, ਸਾਰੇ ਆਗੂ ਤੇ ਵਰਕਰ ਇਕਜੁੱਟ ਹੋ ਕੇ ਉਸ ਦੀ ਜਿੱਤ ਲਈ ਕੰਮ ਕਰਨਗੇ।