- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਬਾਈਲ ਤੇ ਨਕਦੀ ਖੋਹਣ ਵਾਲੇ ਤਿੰਨ ਮੁਲਜ਼ਮ

ਹਰਪ੍ਰੀਤ ਹੈਰੀ, ਪੰਜਾਬੀ ਜਾਗਰਣ
ਪਠਾਨਕੋਟ : ਸੁਜਾਨਪੁਰ ਪੁਲਿਸ ਨੇ ਸਵਿਗੀ ਕਰਮਚਾਰੀ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਉਸ ਕੋਲੋਂ ਨਕਦੀ ਤੇ ਮੋਬਾਈਲ ਖੋਹਣ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਖੋਹਿਆ ਹੋਇਆ ਮੋਬਾਈਲ ਫੋਨ ਅਤੇ ਵਾਰਦਾਤ ਵਿੱਚ ਵਰਤੀ ਮਹਿੰਦਰਾ ਐਕਸਯੂਵੀ ਗੱਡੀ ਵੀ ਬਰਾਮਦ ਕਰ ਲਈ ਹੈ। ਡੀਐੱਸਪੀ ਰਾਜੇਸ਼ ਕੱਕੜ ਅਤੇ ਥਾਣਾ ਸੁਜਾਨਪੁਰ ਦੇ ਮੁਖੀ ਅਰੁਣ ਕੁਮਾਰ ਨੇ ਦੱਸਿਆ ਕਿ ਗੋਵਿੰਦ ਨਗਰ, ਗਲੀ ਨੰਬਰ-1, ਖਾਨਪੁਰ ਵਾਸੀ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਸਵਿਗੀ ਲਈ ਆਨਲਾਈਨ ਘਰ-ਘਰ ਖਾਣਾ ਪਹੁੰਚਾਉਣ ਦਾ ਕੰਮ ਕਰਦਾ ਹੈ। ਰਾਤ ਕਰੀਬ ਸਾਢੇ 12 ਵਜੇ ਉਹ ਮਲਿਕਪੁਰ ਗੋਲ ਚੌਕ ਨੇੜੇ ਨਵੇਂ ਆਰਡਰ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਕਾਲੇ ਰੰਗ ਦੀ ਮਹਿੰਦਰਾ ਐਕਸਯੂਵੀ ਵਿੱਚ ਆਏ ਤਿੰਨ ਨੌਜਵਾਨਾਂ ਨੇ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਲਿਆ ਅਤੇ ਸਰਨਾ ਫਲਾਈਓਵਰ ਨੇੜੇ ਮੰਦਰ ਕੋਲ ਲਿਜਾ ਕੇ ਉਸ ਨਾਲ ਕੁੱਟਮਾਰ ਕੀਤੀ। ਮੁਲਜ਼ਮ ਉਸ ਕੋਲੋਂ 1800 ਰੁਪਏ, ਦੋ ਸਿਮਾਂ ਵਾਲਾ ਮੋਬਾਈਲ ਫੋਨ ਖੋਹ ਕੇ ਡਿਸਪਲੇ ਲਾਕ ਅਤੇ ਯੂਪੀਆਈ ਦੀ ਜਾਣਕਾਰੀ ਲੈ ਕੇ ਫਰਾਰ ਹੋ ਗਏ।
ਪੁਲਿਸ ਨੇ ਰਾਕੇਸ਼ ਕੁਮਾਰ ਦੇ ਬਿਆਨਾਂ ’ਤੇ ਹਰਪ੍ਰੀਤ ਸਿੰਘ ਉਰਫ਼ ਹੈੱਪੀ ਵਾਸੀ ਪਿੰਡ ਸੁਲਤਾਨੀ, ਗੁਰਦਾਸਪੁਰ, ਜਗਦੀਪ ਸਿੰਘ ਉਰਫ਼ ਜੱਗੂ ਵਾਸੀ ਫਰੀਦਪੁਰ ਅਤੇ ਰਵਿੰਦਰ ਸਿੰਘ ਉਰਫ਼ ਮਾਨਾ ਵਾਸੀ ਬਾਊਪੁਰ ਜੱਟਾ, ਜ਼ਿਲ੍ਹਾ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਹੈ।