- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਜ ਤੇ ਜਲਾਲੀਆ ਦੇ ਪਾਣੀ ਨੇ ਕਈ ਪਿੰਡਾਂ ਨੂੰ ਘੇਰਿਆ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ - ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਿਲ੍ਹਾ ਪਠਾਨਕੋਟ ਵਿਚ ਇਕ ਵਾਰ ਫਿਰ ਹੜ੍ਹ ਵਰਗੇ ਹਾਲਾਤ ਬਣਨ ਲੱਗੇ ਹਨ। ਉੱਜ ਦਰਿਆ ਅਤੇ ਜਲਾਲੀਆ ਨਾਲੇ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਾਰਨ ਸਰਹੱਦੀ ਖੇਤਰ ਦੇ ਕਈ ਪਿੰਡਾਂ ਵਿਚ ਪਾਣੀ ਦਾਖ਼ਲ ਹੋ ਗਿਆ ਹੈ। ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਪਾਣੀ ਵਿਚ ਡੁੱਬ ਗਈਆਂ ਹਨ, ਜਦਕਿ ਕਈ ਥਾਵਾਂ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਰਾਵੀ ਦਰਿਆ ਦੇ ਡਿਸਟ੍ਰੀਬਿਊਟਰੀ ਯੂਬੀਡੀਸੀ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ।
ਬਾਮਿਆਲ ਖੇਤਰ ਵਿਚ ਸਥਿਤੀ ਵਿਸ਼ੇਸ਼ ਤੌਰ ’ਤੇ ਚਿੰਤਾਜਨਕ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਅਨੁਸਾਰ ਉੱਜ ਅਤੇ ਜਲਾਲੀਆ ਦਰਿਆਵਾਂ ਦੇ ਪਾਣੀ ਨੇ ਬਾਮਿਆਲ, ਦਨਵਾਲ, ਕੁੱਲੀਆਂ, ਮੂੰਠੀ, ਮੇਹਰਾ ਚੱਕ ਅਤੇ ਸਮਰਾਲਾ ਸਮੇਤ ਅੱਧੀ ਦਰਜਨ ਤੋਂ ਵੱਧ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ। ਜਲਾਲੀਆ ਨਾਲੇ ਦਾ ਪਾਣੀ ਬਾਮਿਆਲ ਦੀ ਮੁੱਖ ਸੜਕ ਉੱਪਰੋਂ ਵਹਿਣ ਕਾਰਨ ਸਰਹੱਦੀ ਪਿੰਡਾਂ ਦਾ ਸੰਪਰਕ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ।
ਘਰਾਂ ਵਿਚ ਦਾਖ਼ਲ ਹੋ ਰਿਹਾ ਪਾਣੀ, ਫ਼ਸਲਾਂ ਪ੍ਰਭਾਵਿਤ
ਪਿੰਡ ਵਾਸੀ ਰਾਹੁਲ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਬਾਰਿਸ਼ ਕਾਰਨ ਦਰਿਆਵਾਂ ਅਤੇ ਨਾਲਿਆਂ ਵਿਚ ਪਾਣੀ ਦਾ ਪੱਧਰ ਵਧਣ ਨਾਲ ਖੇਤਾਂ ਵਿਚ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਜਾਂਦਾ ਹੈ। ਕਈ ਵਾਰ ਪਾਣੀ ਘਰਾਂ ਅੰਦਰ ਵੀ ਦਾਖ਼ਲ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਸਮੇਤ ਹੋਰ ਫ਼ਸਲਾਂ ਦੇ ਨੁਕਸਾਨ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪਿੱਛੋਂ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਛੱਡਣ ਦੀ ਬਜਾਏ ਅਚਾਨਕ ਵੱਡੀ ਮਾਤਰਾ ਵਿਚ ਪਾਣੀ ਛੱਡੇ ਜਾਣ ਕਾਰਨ ਹੇਠਲੇ ਖੇਤਰਾਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਖੇਤਰਾਂ ਦਾ ਤੁਰੰਤ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਪੱਕਾ ਹੱਲ ਕੀਤਾ ਜਾਵੇ।
ਪਿਛਲੇ ਸਾਲ ਦੀ ਤਬਾਹੀ ਨੇ ਵਧਾਇਆ ਲੋਕਾਂ ਦਾ ਡਰ
ਮੌਜ਼ੂਦਾ ਸਥਿਤੀ ਨੇ ਪਠਾਨਕੋਟ ਦੇ ਲੋਕਾਂ ਨੂੰ ਅਗਸਤ 2025 ਦੀ ਭਿਆਨਕ ਹੜ੍ਹ ਦੀ ਯਾਦ ਦਿਵਾ ਦਿੱਤੀ ਹੈ। ਉਸ ਸਮੇਂ ਕਈ ਪਿੰਡਾਂ ਵਿਚ ਰਾਤੋ-ਰਾਤ ਚਾਰ ਤੋਂ ਛੇ ਫੁੱਟ ਤੱਕ ਪਾਣੀ ਭਰ ਗਿਆ ਸੀ ਅਤੇ ਵੱਡੀ ਗਿਣਤੀ ਵਿਚ ਘਰਾਂ ਅਤੇ ਫ਼ਸਲਾਂ ਨੂੰ ਨੁਕਸਾਨ ਪੁੱਜਿਆ ਸੀ। 27 ਅਗਸਤ 2025 ਨੂੰ ਰਾਵੀ ਦਰਿਆ ਵਿਚ ਆਏ ਭਿਆਨਕ ਉਛਾਲ ਕਾਰਨ ਮਾਧੋਪੁਰ ਬੈਰਾਜ ਦੇ ਤਿੰਨ ਹੜ੍ਹ-ਨਿਯੰਤਰਣ ਗੇਟ ਨੁਕਸਾਨੇ ਗਏ ਸਨ। ਇਸ ਤੋਂ ਬਾਅਦ ਪਠਾਨਕੋਟ ਅਤੇ ਗੁਰਦਾਸਪੁਰ ਦੇ ਹੇਠਲੇ ਖੇਤਰਾਂ ਵਿਚ ਪਾਣੀ ਫੈਲ ਗਿਆ ਸੀ।
ਕੈਲਾਸ਼ਪੁਰ ਸਮੇਤ ਸਰਹੱਦੀ ਖੇਤਰ ਦੇ 40 ਤੋਂ ਵੱਧ ਪਿੰਡਾਂ ਵਿਚ ਪਾਣੀ ਦਾਖ਼ਲ ਹੋਣ ਨਾਲ ਹਜ਼ਾਰਾਂ ਏਕੜ ਫ਼ਸਲ ਪ੍ਰਭਾਵਿਤ ਹੋਈ ਸੀ। ਹਾਲਾਤ ਨੂੰ ਕਾਬੂ ਕਰਨ ਲਈ ਫ਼ੌਜ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਵੀ ਰਾਹਤ ਅਤੇ ਬਚਾਅ ਕਾਰਜਾਂ ਵਿਚ ਲਗਾਇਆ ਗਿਆ ਸੀ। ਇਸੇ ਕਰਕੇ ਇਸ ਵਾਰ ਦਰਿਆਵਾਂ ਦੇ ਵਧ ਰਹੇ ਪਾਣੀ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।
ਮੰਡੀ-ਪਠਾਨਕੋਟ ਅਤੇ ਭਰਮੌਰ-ਪਠਾਨਕੋਟ ਮਾਰਗ ਵੀ ਪ੍ਰਭਾਵਿਤ ----
ਪਹਾੜੀ ਖੇਤਰਾਂ ਵਿਚ ਭਾਰੀ ਬਾਰਿਸ਼ ਕਾਰਨ ਸੜਕਾਂ ਉੱਪਰ ਮਲਬਾ ਆਉਣ ਅਤੇ ਪੱਥਰ ਡਿੱਗਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਉਰਲਾ ਤਾਲ ਗਹਿਰ ਨੇੜੇ ਭਾਰੀ ਜ਼ਮੀਨ ਖਿਸਕਣ ਕਾਰਨ ਮੰਡੀ-ਪਠਾਨਕੋਟ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸੇ ਤਰ੍ਹਾਂ ਪਹਾੜਾਂ ਤੋਂ ਲਗਾਤਾਰ ਪੱਥਰ ਅਤੇ ਮਲਬਾ ਡਿੱਗਣ ਕਾਰਨ ਭਰਮੌਰ-ਪਠਾਨਕੋਟ ਮਾਰਗ ’ਤੇ ਵੀ ਆਵਾਜਾਈ ਖ਼ਤਰੇ ਤੋਂ ਖਾਲੀ ਨਹੀਂ ਹੈ।
ਅਗਲੇ 48 ਘੰਟਿਆਂ ਲਈ ਯੈਲੋ ਅਲਰਟ ---
ਮੌਸਮ ਵਿਭਾਗ ਵੱਲੋਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲਈ ਅਗਲੇ 48 ਘੰਟਿਆਂ ਦੌਰਾਨ ਗਰਜ-ਚਮਕ ਨਾਲ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜੀ ਖੇਤਰਾਂ ਵਿਚ ਪੈ ਰਹੀ ਬਾਰਿਸ਼ ਕਾਰਨ ਚੱਕੀ ਖੱਡ ਅਤੇ ਰਾਵੀ ਦਰਿਆ ਵਿਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ।
ਇਸ ਦੌਰਾਨ ਪਠਾਨਕੋਟ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਬਨੀ ਅਤੇ ਬਿਲਾਵਰ ਦੇ ਪਹਾੜੀ ਇਲਾਕਿਆਂ ਵਿਚ ਭਾਰੀ ਬਾਰਿਸ਼ ਕਾਰਨ ਸਕੂਲ ਬੰਦ ਕੀਤੇ ਗਏ ਹਨ। ਪਹਾੜੀ ਖੇਤਰਾਂ ਦਾ ਬਰਸਾਤੀ ਪਾਣੀ ਹੇਠਲੇ ਇਲਾਕਿਆਂ ਵੱਲ ਆਉਣ ਕਾਰਨ ਬਾਮਿਆਲ ਅਤੇ ਪਠਾਨਕੋਟ ਦੇ ਨਾਲਿਆਂ ਵਿਚ ਪਾਣੀ ਦਾ ਪੱਧਰ ਹੋਰ ਵਧਣ ਦਾ ਖ਼ਦਸ਼ਾ ਹੈ।
ਪ੍ਰਸ਼ਾਸਨ ਵੱਲੋਂ ਚੌਕਸੀ, ਦਰਿਆਵਾਂ ਨੇੜੇ ਨਾ ਜਾਣ ਦੀ ਅਪੀਲ----
ਸਿੰਚਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਧੋਪੁਰ ਹੈੱਡਵਰਕਸ ਅਤੇ ਰਾਵੀ ਦਰਿਆ ਦੇ ਧੁੱਸੀ ਬੰਨ੍ਹਾਂ ਉੱਪਰ ਨਿਗਰਾਨੀ ਰੱਖੀ ਜਾ ਰਹੀ ਹੈ। ਪ੍ਰਸ਼ਾਸਨ ਨੇ ਦਰਿਆਵਾਂ ਅਤੇ ਚੱਕੀ ਖੱਡ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਬਿਨਾਂ ਲੋੜ ਦਰਿਆਵਾਂ ਦੇ ਕੰਢਿਆਂ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਤੁਰੰਤ ਹੜ੍ਹ ਕੰਟਰੋਲ ਰੂਮ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।