ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਬਰਾਬਰਤਾ, ਸੇਵਾ ਤੇ ਕੁਦਰਤ ਦੀ ਸੰਭਾਲ ਦਾ ਦਿੰਦੀਆਂ ਹਨ ਸੰਦੇਸ਼ : ਸਵਾਮੀ ਜਗਦੀਸ਼ਾਨੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਬਰਾਬਰਤਾ, ਸੇਵਾ ਤੇ ਕੁਦਰਤ ਦੀ ਸੰਭਾਲ ਦਾ ਦਿੰਦੀਆਂ ਹਨ ਸੰਦੇਸ਼
Publish Date: Sun, 22 Nov 2026 05:24 PM (IST)
Updated Date: Mon, 23 Nov 2026 04:05 AM (IST)
ਫੋਟੋ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਦੌਰਾਨ ਪ੍ਰਵਚਨ ਕਰਦੇ ਹੋਏ ਸਵਾਮੀ ਜਗਦੀਸ਼ਾਨੰਦ ਜੀ। ਫੋਟੋ - ਸਮਾਗਮ ਦੌਰਾਨ ਪ੍ਰਵਚਨ ਸਰਵਣ ਕਰਦੀ ਹੋਈ ਹਾਜ਼ਰ ਸੰਗਤ। ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਅਧਿਆਤਮਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਸੰਗਤ ਨੇ ਗੁਰੂ ਸਾਹਿਬ ਦੇ ਜੀਵਨ ਫਲਸਫ਼ੇ, ਮਹਾਨ ਸਿੱਖਿਆਵਾਂ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਸੰਦੇਸ਼ ਨੂੰ ਯਾਦ ਕੀਤਾ। ਸਮਾਗਮ ਦੀ ਸ਼ੁਰੂਆਤ ਭਾਈ ਬਲਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਕੀਤੀ। ਇਸ ਉਪਰੰਤ ਦਿਵਯ ਗੁਰੂ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ ਸਵਾਮੀ ਜਗਦੀਸ਼ਾਨੰਦ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਮਨੁੱਖਤਾ ਲਈ ਅਧਿਆਤਮਕ ਚਾਨਣ ਲੈ ਕੇ ਆਇਆ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗਿ ਚਾਨਣੁ ਹੋਆ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਮਾਜ ਨੂੰ ਪ੍ਰੇਮ, ਦਇਆ, ਸਾਂਝੀਵਾਲਤਾ ਅਤੇ ਪ੍ਰਭੂ ਭਗਤੀ ਦਾ ਮਾਰਗ ਦਿਖਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਮਨੁੱਖ ਨੂੰ ਕੁਦਰਤ ਪ੍ਰਤੀ ਆਪਣੇ ਫ਼ਰਜ਼ਾਂ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਨੇ ਹਵਾ, ਪਾਣੀ ਅਤੇ ਧਰਤੀ ਨੂੰ ਸਤਿਕਾਰ ਦੇ ਕੇ ਵਾਤਾਵਰਨ ਦੀ ਸੰਭਾਲ ਦਾ ਸਰਬਵਿਆਪੀ ਸੰਦੇਸ਼ ਦਿੱਤਾ। ਇਸੇ ਤਰ੍ਹਾਂ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਰਾਹੀਂ ਇਸਤਰੀ ਦੇ ਸਤਿਕਾਰ ਅਤੇ ਬਰਾਬਰਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਜਾਤ-ਪਾਤ, ਊਚ-ਨੀਚ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨਾ ਹੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਮੂਲ ਆਧਾਰ ਹੈ। ਸਵਾਮੀ ਜੀ ਨੇ ਕਿਹਾ ਕਿ ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ ਗੁਰੂ ਸਾਹਿਬ ਵੱਲੋਂ ਦਰਸਾਏ ਜੀਵਨ ਮਾਰਗ ਦੇ ਅਹਿਮ ਸਿਧਾਂਤ ਹਨ। ਇਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਹੀ ਇਕ ਆਦਰਸ਼ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਤਰਸੇਮ ਲਾਲ, ਸ਼ਿਵਦਿਆਲ, ਜਨਕ ਰਾਜ, ਨਰਿੰਦਰ ਸਿੰਘ, ਲਖਵੀਰ ਸਿੰਘ, ਕਰਤਾਰ ਸਿੰਘ, ਹਿਤੇਸ਼ ਠਾਕੁਰ, ਉਦੈ ਠਾਕੁਰ, ਓਮ ਪ੍ਰਕਾਸ਼, ਕਲਭੂਸ਼ਣ ਸਿੰਘ, ਸੋਮਰਾਜ, ਮਾਸਟਰ ਸੁਰਿੰਦਰ ਸਿੰਘ, ਪ੍ਰਵੇਸ਼ ਪਠਾਨੀਆ, ਕੁਲਵਿੰਦਰ ਸਿੰਘ ਅਤੇ ਸੁਰੇਸ਼ ਕੁਮਾਰ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।