- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ

-ਕਿਹਾ, ਪੰਜਾਬ ਦੀ ਧਰਤੀ ’ਤੇ ਵਸਣ ਵਾਲੇ ਸਿੱਖ ਤੇ ਸਨਾਤਨੀ ਦਿਸਣ ਨੂੰ ਦੋ, ਪਰ ਅਸਲ ’ਚ ਇਕ ਹੀ ਹਨ
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸਥਾਨਕ ਲਮੀਨੀ ਸਟੇਡੀਅਮ ਵਿਖੇ ਚੱਲ ਰਹੇ ਤਿੰਨ ਰੋਜ਼ਾ ਸ੍ਰੀ ਹਨੂਮੰਤ ਕਥਾ ਦੌਰਾਨ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਹਿੰਦੂ-ਸਿੱਖ ਏਕਤਾ, ਸਨਾਤਨ ਧਰਮ ਦੀ ਮਜ਼ਬੂਤੀ ਅਤੇ ਗਊ ਸੰਭਾਲ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਮਹਾਨ ਕੁਰਬਾਨੀਆਂ ਦਾ ਸਮੁੱਚੇ ਹਿੰਦੂ ਸਮਾਜ ਤੇ ਦੇਸ਼ ਵਾਸੀਆਂ ’ਤੇ ਬਹੁਤ ਵੱਡਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ, ਸਨਾਤਨ ਪਰੰਪਰਾਵਾਂ ਅਤੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਦਿੱਤਾ। ਜੇਕਰ ਇਨ੍ਹਾਂ ਮਹਾਨ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨਾ ਹੁੰਦੀਆਂ ਤਾਂ ਅੱਜ ਸਾਡਾ ਇਤਿਹਾਸ ਕੁਝ ਹੋਰ ਹੋਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਵੱਸਣ ਵਾਲੇ ਸਿੱਖ ਅਤੇ ਸਨਾਤਨੀ ਦਿਖਣ ਨੂੰ ਦੋ ਹਨ, ਪਰ ਅਸਲ ’ਚ ਇੱਕ ਹੀ ਹਨ।
ਧੀਰੇਂਦਰ ਸ਼ਾਸਤਰੀ ਨੇ ਪਵਿੱਤਰ ਗੁਰੂਆਂ ਦੀ ਧਰਤੀ ਨੂੰ ਨਤਮਸਤਕ ਹੁੰਦਿਆਂ ਕਿਹਾ ਕਿ ਉਹ ਕਿਸੇ ਇੱਕ ਰਾਜਨੀਤਿਕ ਪਾਰਟੀ ਨਾਲ ਸਬੰਧਤ ਨਹੀਂ ਹਨ, ਸਗੋਂ ਹਰ ਉਸ ਪਾਰਟੀ ਨਾਲ ਹਨ, ਜਿਸ ਵਿੱਚ ਹਿੰਦੂ ਸਮਾਜ ਦੇ ਲੋਕ ਹਨ। ਉਨ੍ਹਾਂ ਕਿਹਾ ਕਿ ਗੁਰੂ ਸੂਰਜ, ਚੰਦ ਅਤੇ ਗੰਗਾ ਵਾਂਗ ਸਭ ਦੇ ਸਾਂਝੇ ਹੁੰਦੇ ਹਨ।
ਇਸ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਵਿਜੇ ਸ਼ਰਮਾ ਵੀ ਹਾਜ਼ਰ ਹੋਏ। ਧੀਰੇਂਦਰ ਸ਼ਾਸਤਰੀ ਨੇ ਪੰਜਾਬ ਦੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਕਰਨ, ਪਟਿਆਲਾ ਵਿਖੇ ਕਾਲੀ ਮਾਤਾ ਮੰਦਰ ਦੇ ਸੁੰਦਰੀਕਰਨ ਅਤੇ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਕਰਵਾਉਣ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।
ਉਨ੍ਹਾਂ ਸੰਗਤ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਈਰਖਾ, ਦਵੈਸ਼ ਅਤੇ ਜਾਤੀਵਾਦ ਨੂੰ ਛੱਡ ਕੇ ਇਕਜੁੱਟ ਹੋਣ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਨੂੰ ਦੂਜੇ ਧਰਮਾਂ ਨਾਲੋਂ ਵਧੇਰੇ ਖ਼ਤਰਾ ਆਪਣਿਆਂ ਦੀ ਆਪਸੀ ਫੁੱਟ ਤੋਂ ਹੈ। ਉਨ੍ਹਾਂ ਬਜਰੰਗਬਲੀ ਵਿੱਚ ਵਿਸ਼ਵਾਸ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ਗਊ ਦੀ ਰੱਖਿਆ ਨਾਲ ਹੀ ਰਾਸ਼ਟਰ ਅਤੇ ਸਨਾਤਨ ਪਰੰਪਰਾ ਦੀ ਰੱਖਿਆ ਸੰਭਵ ਹੈ। ਉਨ੍ਹਾਂ 17 ਦਸੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ 'ਗਊ ਸਨਮਾਨ ਅਹਵਾਨ ਅਭਿਆਨ' ਨੂੰ ਵੀ ਆਪਣਾ ਸਮਰਥਨ ਦਿੱਤਾ। ਇਸ ਮੌਕੇ ਵੀਰ ਸ਼ਹੀਦਾਂ ਦੇ ਪਰਿਵਾਰਾਂ, ਸਰਬ ਸਮਾਜ ਦੇ ਪ੍ਰਧਾਨਾਂ ਅਤੇ ਜੰਮੂ-ਕਸ਼ਮੀਰ ਤੇ ਪੰਜਾਬ ਤੋਂ ਪਹੁੰਚੇ ਸੰਤਾਂ ਦਾ ਸਨਮਾਨ ਵੀ ਕੀਤਾ ਗਿਆ।