ਅਖਵਾਨਾ ਦੇ ਬੁੱਚੜਖਾਨੇ ਦਾ ਮਾਮਲਾ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਕੋਲ ਉਠਾਇਆ ਅਖਵਾਨਾ ਦੇ ਬੁੱਚੜਖਾਨੇ ਦਾ ਮਾਮਲਾ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਕੋਲ ਉਠਾਇਆ
Publish Date: Wed, 18 Nov 2026 05:38 PM (IST)
Updated Date: Thu, 19 Nov 2026 04:04 AM (IST)
ਫੋਟੋ : ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯਾਂਕ ਕਾਨੂੰਨਗੋ ਨੂੰ ਸਨਮਾਨਿਤ ਕਰਦਾ ਹੋਇਆ ਵਿਸ਼ਵ ਹਿੰਦੂ ਪ੍ਰੀਸ਼ਦ ਪਠਾਨਕੋਟ ਦਾ ਵਫ਼ਦ। ਆਰ. ਸਿੰਘ, ਪੰਜਾਬੀ ਜਾਗਰਣ, ਮਾਧੋਪੁਰ : ਇੰਡਸਟਰੀਅਲ ਗ੍ਰੋਥ ਸੈਂਟਰ ਅਖਵਾਨਾ ਵਿਖੇ ਸਥਿਤ ਬੁੱਚੜਖਾਨੇ ਦਾ ਮਾਮਲਾ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯਾਂਕ ਕਾਨੂੰਨਗੋ ਕੋਲ ਉਠਾਇਆ ਗਿਆ। ਇਸ ਸਬੰਧੀ ਵੀਐਚਪੀ ਪਠਾਨਕੋਟ ਦੇ ਇੱਕ ਵਫ਼ਦ ਨੇ ਮਾਧੋਪੁਰ ਸਥਿਤ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਉਨ੍ਹਾਂ ਨਾਲ ਸ਼ਿਸ਼ਟਾਚਾਰ ਮੁਲਾਕਾਤ ਕਰਕੇ ਮਾਮਲੇ ਜਾਣਕਾਰੀ ਦਿੱਤੀ। ਵਫ਼ਦ ਦੀ ਅਗਵਾਈ ਪਠਾਨਕੋਟ ਵਿਭਾਗ ਸੰਗਠਨ ਮੰਤਰੀ ਅਜੈ ਜੈਨ ਨੇ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਚਾਰ ਮੁਖੀ ਰਜਨੀਸ਼ ਕੁਮਾਰ, ਜ਼ਿਲ੍ਹਾ ਪ੍ਰਚਾਰ ਮੁਖੀ ਪ੍ਰਿੰਸ ਨਈਅਰ, ਪਠਾਨਕੋਟ ਨਗਰ ਪ੍ਰਧਾਨ ਅੰਕਿਤ ਮਹਾਜਨ ਅਤੇ ਨਗਰ ਵਿਸ਼ੇਸ਼ ਸੰਪਰਕ ਮੁਖੀ ਅਸ਼ੀਸ਼ ਪ੍ਰਜਾਪਤੀ ਵੀ ਮੌਜੂਦ ਸਨ। ਅਜੈ ਜੈਨ ਨੇ ਦੱਸਿਆ ਕਿ ਪਿਛਲੇ ਅਕਤੂਬਰ ਮਹੀਨੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਹਿੰਦੂ ਭਾਈਚਾਰੇ ਅਤੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਵਪਾਰਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੁੱਚੜਖਾਨੇ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਇਸ ਨੂੰ ਪੱਕੇ ਤੌਰ ਤੇ ਬੰਦ ਕਰਵਾਉਣ ਲਈ ਕੌਮੀ ਮਾਰਗ ਤੇ ਜਾਮ ਵੀ ਲਗਾਇਆ ਗਿਆ ਸੀ। ਉਨ੍ਹਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਇਸ ਨੂੰ ਸਿਰਫ਼ ਆਰਜ਼ੀ ਤੌਰ ਤੇ ਬੰਦ ਕੀਤਾ ਗਿਆ ਸੀ। ਉਨ੍ਹਾਂ ਉਸ ਸਮੇਂ ਦੇ ਸ਼ਾਹਪੁਰ ਕੰਢੀ ਥਾਣਾ ਮੁਖੀ ਇੰਸਪੈਕਟਰ ਮੋਹਿਤ ਟਾਕ ਤੇ ਦੋਸ਼ ਲਾਇਆ ਕਿ ਬੰਦ ਪਏ ਬੁੱਚੜਖਾਨੇ ਦੇ ਗੇਟ ਖੁੱਲ੍ਹਵਾ ਕੇ ਸੰਚਾਲਕਾਂ ਦੇ ਵਾਹਨ, ਜਿਨ੍ਹਾਂ ਵਿੱਚ ਜੇਸੀਬੀ ਮਸ਼ੀਨ, ਟਰਾਲੀਆਂ ਅਤੇ ਮੋਟਰਸਾਈਕਲ ਸ਼ਾਮਲ ਸਨ, ਚੋਰੀ-ਛਿਪੇ ਬਾਹਰ ਕਢਵਾਏ ਗਏ ਸਨ। ਇਸ ਤੇ ਪ੍ਰਿਯਾਂਕ ਕਾਨੂੰਨਗੋ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਮਾਮਲੇ ਦਾ ਨੋਟਿਸ ਲੈ ਕੇ ਅਗਲੀ ਲੋੜੀਂਦੀ ਕਾਰਵਾਈ ਕਰਨਗੇ ਅਤੇ ਬੁੱਚੜਖਾਨੇ ਨੂੰ ਪੂਰੀ ਤਰ੍ਹਾਂ ਬੰਦ ਕਰਵਾਉਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਇਸ ਮੌਕੇ ਵਫ਼ਦ ਵੱਲੋਂ ਪ੍ਰਿਯਾਂਕ ਕਾਨੂੰਨਗੋ ਨੂੰ ਸਿਰੋਪਾਓ ਅਤੇ ਗੁਲਦਸਤਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੌਰੇ ਦੌਰਾਨ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਹ ਪਠਾਨਕੋਟ ਪਹੁੰਚੇ ਹੋਏ ਸਨ।