ਮਹਾਸ਼ਾ ਬਰਾਦਰੀ ਦੇ ਟਕਸਾਲੀ ਤੇ ਨਵੇਂ ਚਿਹਰੇ ਨੂੰ ਟਿਕਟ ਦੇਵੇ ਭਾਜਪਾ : ਨੇਕ ਚੰਦ ਹਲਕਾ ਭੋਆ ਤੋਂ ਮਹਾਸ਼ਾ ਬਰਾਦਰੀ ਦੇ ਟਕਸਾਲੀ ਤੇ ਨਵੇਂ ਚਿਹਰੇ ਨੂੰ ਟਿਕਟ ਦੇਵੇ ਭਾਜਪਾ
Publish Date: Sat, 21 Nov 2026 04:58 PM (IST)
Updated Date: Sat, 21 Nov 2026 05:01 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਨਰੋਟ ਜੈਮਲ ਸਿੰਘ : ਭਾਰਤੀ ਜਨਤਾ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਭੋਆ ਤੋਂ ਮਹਾਸ਼ਾ ਬਰਾਦਰੀ ਨਾਲ ਸਬੰਧਤ ਕਿਸੇ ਟਕਸਾਲੀ ਅਤੇ ਨਵੇਂ ਚਿਹਰੇ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਮੰਗ ਉੱਠਣ ਲੱਗੀ ਹੈ। ਇਸ ਸਬੰਧੀ ਭਾਜਪਾ ਦੇ ਨਰੋਟ ਜੈਮਲ ਸਿੰਘ ਮੰਡਲ ਦੇ ਐੱਸਸੀ ਮੋਰਚਾ ਦੇ ਪ੍ਰਧਾਨ ਨੇਕ ਚੰਦ ਨੇ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਹੈ ਕਿ ਹਲਕਾ ਭੋਆ ਤੋਂ ਅਜਿਹੇ ਵਿਅਕਤੀ ਨੂੰ ਉਮੀਦਵਾਰ ਬਣਾਇਆ ਜਾਵੇ, ਜੋ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਵੇ ਅਤੇ ਜਿਸ ਦਾ ਪਾਰਟੀ ਤੇ ਹਲਕੇ ਦੀ ਸੇਵਾ ਕਰਨ ਦਾ ਰਿਕਾਰਡ ਹੋਵੇ। ਉਨ੍ਹਾਂ ਕਿਹਾ ਕਿ ਮਹਾਸ਼ਾ ਬਰਾਦਰੀ ਵਿਚ ਬਹੁਤ ਸਾਰੇ ਅਜਿਹੇ ਯੋਗ, ਇਮਾਨਦਾਰ ਅਤੇ ਸੂਝਵਾਨ ਆਗੂ ਮੌਜੂਦ ਹਨ, ਜੋ ਕਈ ਸਾਲਾਂ ਤੋਂ ਭਾਜਪਾ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਅਤੇ ਹਲਕੇ ਦੇ ਲੋਕਾਂ ਵਿਚ ਆਪਣੀ ਵੱਖਰੀ ਪਛਾਣ ਰੱਖਦੇ ਹਨ। ਅਜਿਹੇ ਆਗੂਆਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਪਾਰਟੀ ਵੱਲੋਂ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣਾ ਚਾਹੀਦਾ ਹੈ। ਨੇਕ ਚੰਦ ਨੇ ਕਿਹਾ ਕਿ ਪਾਰਟੀ ਨੂੰ ਟਿਕਟਾਂ ਦੀ ਵੰਡ ਸਮੇਂ ਉਨ੍ਹਾਂ ਵਿਅਕਤੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਜੋ ਦੂਜੀਆਂ ਪਾਰਟੀਆਂ ਛੱਡ ਕੇ ਸਿਰਫ਼ ਚੋਣ ਟਿਕਟ ਹਾਸਲ ਕਰਨ ਦੇ ਮਕਸਦ ਨਾਲ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ ਜਾਂ ਹਾਲ ਹੀ ਵਿਚ ਪਾਰਟੀ ਦਾ ਹਿੱਸਾ ਬਣੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਹਲਕੇ ਅਤੇ ਪਾਰਟੀ ਪ੍ਰਤੀ ਲੰਮੇ ਸਮੇਂ ਦੀ ਵਚਨਬੱਧਤਾ ਨੂੰ ਵੀ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਟਿਕਟ ਕਿਸੇ ਅਜਿਹੇ ਵਿਅਕਤੀ ਨੂੰ ਨਹੀਂ ਮਿਲਣੀ ਚਾਹੀਦੀ, ਜਿਸ ਦਾ ਮਕਸਦ ਸਿਰਫ਼ ਨਿੱਜੀ ਸਿਆਸੀ ਲਾਹਾ ਲੈਣਾ ਹੋਵੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜੇਕਰ ਭਾਜਪਾ ਹਾਈਕਮਾਂਡ ਮਹਾਸ਼ਾ ਬਰਾਦਰੀ ਵਿਚੋਂ ਕਿਸੇ ਯੋਗ ਅਤੇ ਲੋਕਪ੍ਰਿਯ ਟਕਸਾਲੀ ਆਗੂ ਨੂੰ ਹਲਕਾ ਭੋਆ ਤੋਂ ਉਮੀਦਵਾਰ ਬਣਾਉਂਦੀ ਹੈ ਤਾਂ ਸਮੁੱਚੀ ਮਹਾਸ਼ਾ ਬਰਾਦਰੀ ਇਕਜੁੱਟ ਹੋ ਕੇ ਭਾਜਪਾ ਦੇ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰੇਗੀ ਅਤੇ ਹਲਕੇ ਦੀ ਸੀਟ ਪਾਰਟੀ ਦੀ ਝੋਲੀ ਵਿਚ ਪਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।