ਭੋਆ ਦੀ ਟਿਕਟ ਨੂੰ ਲੈ ਕੇ ਕਾਂਗਰਸ ’ਚ ਵਧੀ ਖਿੱਚੋਤਾਣ, ਪਰਗਟ ਸਿੰਘ ਦੀ ਰੈਲੀ ’ਚ ਗੁੱਟਬੰਦੀ ਆਈ ਸਾਹਮਣੇ ਭੋਆ ਦੀ ਟਿਕਟ ਨੂੰ ਲੈ ਕੇ ਕਾਂਗਰਸ ’ਚ ਵਧੀ ਖਿੱਚੋਤਾਣ
Publish Date: Wed, 18 Nov 2026 05:46 PM (IST)
Updated Date: Thu, 19 Nov 2026 04:04 AM (IST)
ਫੋਟੋ : ਪਠਾਨਕੋਟ ਵਿਖੇ ਕਾਂਗਰਸ ਦੀ ਰੈਲੀ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਵੱਖ-ਵੱਖ ਆਗੂਆਂ ਦੇ ਸਮਰਥਕ। ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਵਿਧਾਨ ਸਭਾ ਚੋਣਾਂ-2027 ਤੋਂ ਪਹਿਲਾਂ ਕਾਂਗਰਸ ਪਾਰਟੀ ਅੰਦਰ ਟਿਕਟਾਂ ਦੀ ਦਾਅਵੇਦਾਰੀ ਅਤੇ ਸਿਆਸੀ ਦਬਦਬਾ ਕਾਇਮ ਕਰਨ ਦੀ ਦੌੜ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਪਠਾਨਕੋਟ ਵਿਖੇ ਕਾਂਗਰਸ ਦੇ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ ਹੋਈ ਰੈਲੀ ਪਾਰਟੀ ਦੀ ਏਕਤਾ ਨਾਲੋਂ ਵੱਧ ਸਥਾਨਕ ਆਗੂਆਂ ਦੀ ਗੁੱਟਬੰਦੀ ਅਤੇ ਸ਼ਕਤੀ ਪ੍ਰਦਰਸ਼ਨ ਕਾਰਨ ਚਰਚਾ ਦਾ ਵਿਸ਼ਾ ਬਣੀ ਰਹੀ। ਖ਼ਾਸ ਕਰ ਕੇ ਭੋਆ ਹਲਕੇ ਦੀ ਟਿਕਟ ਨੂੰ ਲੈ ਕੇ ਵੱਖ-ਵੱਖ ਦਾਅਵੇਦਾਰਾਂ ਦੇ ਸਮਰਥਕਾਂ ਨੇ ਆਪੋ-ਆਪਣੀ ਤਾਕਤ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡੀ।ਵਾਲੀਆ ਰਿਜ਼ੋਰਟ ਵਿਖੇ ਹੋਈ ਇਸ ਰੈਲੀ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਦੇ ਸਮਰਥਕਾਂ ਵਿਚਕਾਰ ਸਭ ਤੋਂ ਵੱਧ ਨਾਅਰੇਬਾਜ਼ੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਟੀਨਾ ਚੌਧਰੀ ਅਤੇ ਸਤੀਸ਼ ਕੁਮਾਰ (ਜੱਟ ਪੰਮਾ) ਦੇ ਹਮਾਇਤੀਆਂ ਨੇ ਵੀ ਆਪਣੇ ਆਗੂਆਂ ਦੇ ਹੱਕ ਵਿੱਚ ਨਾਅਰੇ ਲਗਾਏ। ਸਮਰਥਕਾਂ ਵੱਲੋਂ ਹੱਥਾਂ ਵਿੱਚ ਫੜੀਆਂ ਤਖ਼ਤੀਆਂ ਅਤੇ ਲਗਾਤਾਰ ਕੀਤੀ ਜਾ ਰਹੀ ਨਾਅਰੇਬਾਜ਼ੀ ਕਾਰਨ ਮੰਚ ਤੋਂ ਹੋ ਰਹੇ ਆਗੂਆਂ ਦੇ ਭਾਸ਼ਣ ਵੀ ਸੁਣਨੇ ਮੁਸ਼ਕਲ ਹੋ ਗਏ। ਰੈਲੀ ਤੋਂ ਪਹਿਲਾਂ ਪਰਗਟ ਸਿੰਘ ਸਮੇਤ ਜ਼ਿਲ੍ਹੇ ਦੀ ਲੀਡਰਸ਼ਿਪ ਨੇ ਡੇਰਾ ਸਵਾਮੀ ਜਗਤਗਿਰੀ ਵਿਖੇ ਪਹੁੰਚ ਕੇ ਡੇਰਾ ਮੁਖੀ ਗੁਰਦੀਪ ਗਿਰੀ ਮਹਾਰਾਜ ਤੋਂ ਆਸ਼ੀਰਵਾਦ ਲਿਆ। ਇਸ ਮਗਰੋਂ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਆਗੂ ਅਤੇ ਵਰਕਰ ਵਾਲੀਆ ਰਿਜ਼ੋਰਟ ਪਹੁੰਚੇ। ਕਈ ਆਗੂ ਆਪਣੇ ਸਮਰਥਕਾਂ ਸਮੇਤ ਸੜਕਾਂ ਕਿਨਾਰੇ ਖੜ੍ਹੇ ਰਹੇ ਤਾਂ ਜੋ ਸੂਬਾ ਪ੍ਰਧਾਨ ਦੇ ਆਉਣ ਸਮੇਂ ਕਾਫ਼ਲਿਆਂ ਨਾਲ ਦਾਖ਼ਲ ਹੋ ਕੇ ਆਪਣੀ ਤਾਕਤ ਵਿਖਾ ਸਕਣ। ਰੈਲੀ ਵਾਲੀ ਥਾਂ ਦੇ ਆਲੇ-ਦੁਆਲੇ ਸੜਕਾਂ, ਰੇਲਿੰਗਾਂ ਅਤੇ ਡਿਵਾਈਡਰਾਂ ’ਤੇ ਵੱਡੀ ਗਿਣਤੀ ਵਿੱਚ ਲੱਗੇ ਪੋਸਟਰ ਵੀ ਚਰਚਾ ਦਾ ਕੇਂਦਰ ਰਹੇ। ਇਨ੍ਹਾਂ ਵਿੱਚ ਸਾਬਕਾ ਵਿਧਾਇਕ ਅਮਿਤ ਵਿਜ ਅਤੇ ਸਮਾਜ ਸੇਵੀ ਸ੍ਰਿਜਲ ਗੁਪਤਾ ਦੇ ਪੋਸਟਰਾਂ ਦੀ ਭਰਮਾਰ ਦਿਖਾਈ ਦਿੱਤੀ। ਇਸ ਤੋਂ ਇਲਾਵਾ ਰਮਨ ਭੱਲਾ ਅਤੇ ਅਨਿਲ ਦਾਰਾ ਦੇ ਪੋਸਟਰ ਵੀ ਲੱਗੇ ਹੋਏ ਸਨ। ਇਸ ਮੌਕੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਭਾਟੀਆ ਨੂੰ ਵੀ ਵਰਕਰਾਂ ਦੀ ਨਾਅਰੇਬਾਜ਼ੀ ਕਾਰਨ ਕਈ ਵਾਰ ਅਸਹਿਜ ਸਥਿਤੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਵਰਕਰਾਂ ਨੂੰ ਸ਼ਾਂਤ ਰਹਿਣ ਅਤੇ ਤਖ਼ਤੀਆਂ ਹੇਠਾਂ ਰੱਖਣ ਦੀ ਅਪੀਲ ਕੀਤੀ, ਪਰ ਇਸ ਦਾ ਕੋਈ ਖ਼ਾਸ ਅਸਰ ਨਹੀਂ ਹੋਇਆ। ਅਮਿਤ ਵਿਜ ਅਤੇ ਆਸ਼ੀਸ਼ ਵਿਜ ਨੇ ਵੀ ਵਰਕਰਾਂ ਨੂੰ ਅਨੁਸ਼ਾਸਨ ਬਣਾਈ ਰੱਖਣ ਲਈ ਕਿਹਾ। ਸਰਵੇ ਤੇ ਯੋਗਤਾ ਦੇ ਆਧਾਰ ’ਤੇ ਮਿਲੇਗੀ ਟਿਕਟ ਰੈਲੀ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਸਪੱਸ਼ਟ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਆਗੂ ਦੀ ਸਿਫ਼ਾਰਸ਼ ’ਤੇ ਟਿਕਟ ਨਹੀਂ ਦਿੱਤੀ ਜਾਵੇਗੀ, ਸਗੋਂ ਸਰਵੇਖਣ ਅਤੇ ਉਮੀਦਵਾਰ ਦੀ ਜਿੱਤਣ ਦੀ ਸਮਰੱਥਾ ਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਫ਼ੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਯੋਗ ਵਿਅਕਤੀ ਨੂੰ ਉਸ ਦੀ ਕਾਬਲੀਅਤ ਅਨੁਸਾਰ ਹੱਕ ਮਿਲੇਗਾ। ਇਕ ਪਰਿਵਾਰ-ਇਕ ਟਿਕਟ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਸਬੰਧੀ ਸਵਾਲ ’ਤੇ ਉਨ੍ਹਾਂ ਕਿਹਾ ਕਿ ਦੋਵਾਂ ਦੇ ਪੁਰਾਣੇ ਨਿੱਜੀ ਸਬੰਧ ਹਨ ਅਤੇ ਕੈਪਟਨ ਇਕ ਕਿਤਾਬ ਦੇ ਲੋਕ ਅਰਪਣ ਸਮਾਗਮ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।